ਕਾਂਗਰਸੀ ਕੌਂਸਲਰਾਂ ਨੇ ਵਧੀਕ ਕਮਿਸ਼ਨਰ ਨੂੰ ਘੇਰਿਆ
ਇਥੇ ਕਾਂਗਰਸੀ ਕੌਂਸਲਰਾਂ ਨੇ ਅੱਜ ਨਗਰ ਨਿਗਮ ਜ਼ੋਨ ਏ ਦੇ ਦਫਤਰ ’ਚ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨੂੰ ਘੇਰ ਲਿਆ। ਇਸ ਮੌਕੇ ਉਨ੍ਹਾਂ ਕਾਂਗਰਸੀ ਆਗੂ ਤੇ ਕੌਂਸਲਰ ਦੇ ਪਤੀ ਇੰਦਰਜੀਤ ਸਿੰਘ ਇੰਦੀ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਧਮਕੀ ਦੇਣ ਦਾ ਦੋਸ਼ ਲਗਾਇਆ। ਕਾਂਗਰਸੀ ਕੌਂਸਲਰ ਵਧੀਕ ਕਮਿਸ਼ਨਰ ਦੀ ਗੱਡੀ ਦੇ ਅੱਗੇ ਖੜ੍ਹੇ ਹੋ ਗਏ। ਇਸ ਦੌਰਾਨ ਕੌਂਸਲਰਾਂ ਦੀ ਵਧੀਕ ਕਮਿਸ਼ਨਰ ਨਾਲ ਤਿੱਖੀ ਬਹਿਸ ਹੋਈ। ਨਗਰ ਨਿਗਮ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਪਰ ਕਾਂਗਰਸੀ ਕੌਂਸਲਰਾਂ ਦੀ ਖਹਿਰਾ ਨਾਲ ਕਾਫੀ ਸਮਾਂ ਬਹਿਸ ਹੁੰਦੀ ਰਹੀ। ਵਾਰਡ ਨੰਬਰ 61 ਤੋਂ ਕਾਂਗਰਸੀ ਕੌਂਸਲਰ ਪਰਮਿੰਦਰ ਕੌਰ ਇੰਦੀ ਦੇ ਪਤੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸਾਥੀ ਕਾਂਗਰਸੀ ਆਗੂ ਇੰਦਰਜੀਤ ਸਿੰਘ ਇੰਦੀ ਨੇ ਕਿਹਾ ਕਿ ਵਾਰਡ ਦੇ ਕੰਮ ਲਈ ਉਨ੍ਹਾਂ ਨੂੰ ਮਸ਼ੀਨਰੀ ਨਹੀਂ ਦਿੱਤੀ ਜਾ ਰਹੀ। ਇਸ ਮਸ਼ੀਨਰੀ ’ਤੇ ਏਰੀਆ ਕੌਂਸਲਰ ਨੂੰ ਅਧਿਕਾਰ ਹੈ ਤਾਂ ਜੋ ਉਹ ਲੋਕਾਂ ਦੇ ਕੰਮ ਸਮੇਂ ਸਿਰ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਨੇ 15 ਦਿਨ ਪਹਿਲਾਂ ਉਥੋਂ ਆਪਣਾ ਵਾਰਡ ਦਾ ਪ੍ਰਧਾਨ ਬਦਲਿਆ ਹੈ, ਉਹ ਕੰਮਾਂ ਵਿੱਚ ਅੜਚਨ ਪਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿੱਤੇ ਹੋਏ ਕੌਂਸਲਰ ਦੇ ਕਹਿਣ ’ਤੇ ਕੰਮ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੇ ਛੋਟੇ ਮੁਲਾਜ਼ਮ ਤਾਂ ਸਹੀ ਕੰਮ ਕਰ ਰਹੇ ਹਨ ਪਰ ਵਧੀਕ ਕਮਿਸ਼ਨਰ ਸਿੱਧੇ ਤੌਰ ’ਤੇ ਸਰਕਾਰ ਦੀ ਭਾਸ਼ਾ ਬੋਲ ਰਿਹਾ ਹੈ। ਇੰਦੀ ਨੇ ਦੋਸ਼ ਲਗਾਇਆ ਕਿ ਦੋ ਦਿਨ ਪਹਿਲਾਂ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਇੰਦੀ ਨੇ ਕਿਹਾ ਕਿ ਅੱਜ ਉਹ ਜਦੋਂ ਉਹ ਮੀਟਿੰਗ ਲਈ ਦਫ਼ਤਰ ਗਿਆ ਤਾਂ ਉਸ ਦੀ ਗੱਲ ਨਹੀਂ ਸੁਣੀ ਗਈ, ਉਸ ਨੂੰ ਜ਼ਬਰਦਸਤੀ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਗਿਆ। ਇੰਦਰਜੀਤ ਸਿੰਘ ਇੰਦੀ ਦੇ ਨਾਲ ਕੌਂਸਲਰ ਸੰਨੀ ਭੱਲਾ, ਕੌਂਸਲਰ ਅਰੁਣ ਸ਼ਰਮਾ ਅਤੇ ਸੁਸ਼ੀਲ ਕਪੂਰ ਲੱਕੀ ਸਣੇ ਕਈ ਹੋਰ ਕਾਂਗਰਸੀ ਆਗੂ ਅਤੇ ਵਰਕਰ ਏ ਜ਼ੋਨ ਪੁੱਜੇ ਜਿਨ੍ਹਾਂ ਨਿਗਮ ਦਫ਼ਤਰ ਥੱਲੇ ਹੀ ਵਧੀਕ ਕਮਿਸ਼ਨਰ ਨੂੰ ਕਾਰ ਵਿੱਚ ਬੈਠਦੇ ਸਮੇਂ ਘੇਰ ਲਿਆ। ਜਦੋਂ ਉਨ੍ਹਾਂ ਨੂੰ ਕੇਸ ਦਰਜ ਕਰਨ ਬਾਰੇ ਪੁੱਛਿਆ ਗਿਆ ਤਾਂ ਉਹ ਭੜਕ ਗਏ। ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਵਧੀਕ ਕਮਿਸ਼ਨਰ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ, ਜਿਸ ਕਾਰਨ ਉਹ ਉੱਥੋਂ ਚਲੇ ਗਏ। ਇਸ ਦੌਰਾਨ ਇੰਦੀ ਅਤੇ ਕੌਂਸਲਰ ਅਰੁਣ ਸ਼ਰਮਾ ਦੀ ਵਧੀਕ ਕਮਿਸ਼ਨਰ ਨਾਲ ਗਰਮਾ-ਗਰਮ ਹੋ ਵੀ ਗਈ। ਮੌਕੇ ’ਤੇ ਨਿਗਮ ਦੀ ਪੁਲੀਸ ਨੇ ਪੁੱਜ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਵਧੀਕ ਕਮਿਸ਼ਨਰ ਨੇ ਦੋਸ਼ਾਂ ਨੂੰ ਨਕਾਰਿਆ
ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵਿਰੁੱਧ ਜਾਂ ਕੌਂਸਲਰ ਦੇ ਪਤੀ ਵਿਰੁੱਧ ਵੀ ਕੇਸ ਦਰਜ ਕਰਨ ਲਈ ਨਹੀਂ ਕਿਹਾ ਹੈ। ਬਲਕਿ ਇਹ ਗੱਲ ਕੀਤੀ ਸੀ ਕਿ ਜੇ ਕੋਈ ਸਰਕਾਰੀ ਕੰਮ ਵਿੱਚ ਦਖਲ ਦੇਵੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
