ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਡ ਸ਼ੋਅ ਦੌਰਾਨ ਕਾਂਗਰਸ ਤੇ ‘ਆਪ’ ਆਗੂ ਹੋਏ ਆਹਮੋ-ਸਾਹਮਣੇ

ਵੱਡੇ ਆਗੂ ਇੱਕ ਦੂਜੇ ਨਾਲ ਹੱਥ ਜੋੜ ਅੱਗੇ ਤੁਰੇ; ਵਰਕਰਾਂ ਨੇ ਇੱਕ ਦੂਜੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Advertisement

ਗਗਨਦੀਪ ਅਰੋੜਾ

ਲੁਧਿਆਣਾ, 17 ਜੂਨ

Advertisement

ਲੁਧਿਆਣਾ ਵਿੱਚ ਹਲਕਾ ਪੱਛਮੀ ਹਲਕੇ ਲਈ ਚੋਣ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਰੁਕ ਗਿਆ। ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਤੱਕ ਪਹੁੰਚਣ ਲਈ ਪੂਰਾ ਜ਼ੋਰ ਲਾਇਆ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਵੱਖ-ਵੱਖ ਰਸਤਿਆਂ ’ਤੇ ਰੋਡ ਸ਼ੋਅ ਕੱਢੇ ਗਏ। ਦੋਵਾਂ ਉਮੀਦਵਾਰਾਂ ਨੇ ਰੋਡ ਸ਼ੋਅ ਰਾਹੀਂ ਆਪਣੀ ਪੂਰੀ ਤਾਕਤ ਲਾ ਦਿੱਤੀ। ਕਾਂਗਰਸ ਦੇ ਰੋਡ ਸ਼ੋਅ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੀਤੀ, ਜਦਕਿ ‘ਆਪ’ ਦੀ ਅਗਵਾਈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ‘ਆਪ’ ਇੰਚਾਰਜ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤੀ।

ਵੱਖ-ਵੱਖ ਥਾਵਾਂ ਤੋਂ ਨਿਕਲੇ ਰੋਡ ਸ਼ੋਅ ਦੌਰਾਨ ਘੁਮਾਰਮੰਡੀ ਇਲਾਕੇ ਵਿੱਚ ਦੋਵਾਂ ਪਾਰਟੀਆਂ ਦੇ ਰੋਡ ਸ਼ੋਅ ਆਹਮੋਂ ਸਾਹਮਣੇ ਆ ਗਏ ਤੇ ਦੋਵੇਂ ਉਮੀਦਵਾਰਾਂ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਸਨ। ਜਿਸ ਕਾਰਨ ਦੋਵੇਂ ਪਾਰਟੀਆਂ ਦੇ ਆਗੂ ਤੇ ਵਰਕਰ ਇੱਕ ਦੂਜੇ ਲਈ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸ ਵਾਲੇ ‘ਆਸ਼ੂ’ ਤੇ ‘ਆਪ’ ਵਾਲੇ ਸੰਜੀਵ ਅਰੋੜਾ ਦੇ ਨਾਂ ਦੇ ਨਾਅਰੇ ਲਗਾਉਣ ਲੱਗੇ। ਦੋਵਾਂ ਧਿਰਾਂ ਦੇ ਮੁੱਖ ਆਗੂ ਇੱਕ ਦੂਜੇ ਨੂੰ ਹੱਥ ਜੋੜ ਕੇ ਅੱਗੇ ਵਧ ਗਏ।

ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਰੋਡ ਸ਼ੋਅ ਦੀ ਯੋਜਨਾ ਬਣਾਈ ਹੋਈ ਸੀ। ਇਹ ਰੋਡ ਸ਼ੋਅ ਫਿਰੋਜ਼ਪੁਰ ਰੋਡ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਆਰਤੀ ਚੌਕ ਅਤੇ ਘੁਮਾਰਮੰਡੀ ਮੇਨ ਬਾਜ਼ਾਰ ਰਾਹੀਂ ਆਰਤੀ ਚੌਕ ਵਿੱਚ ਸਮਾਪਤ ਹੋਇਆ। ‘ਆਪ’ ਵੱਲੋਂ ਵੀ ਰੋਡ ਸ਼ੋਅ ਕੱਢਿਆ ਗਿਆ, ਜੋ ਕਾਲਜ ਰੋਡ ਤੋਂ ਘੁਮਾਰਮੰਡੀ ਅਤੇ ਫਿਰ ਵੈਲਕਮ ਪੈਲੇਸ ਮੁੱਖ ਚੋਣ ਦਫ਼ਤਰ ਜਾਣਾ ਸੀ। ਦੋਵਾਂ ਪਾਰਟੀਆਂ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਦੌਰਾਨ ਘੁਮਾਰਮੰਡੀ ਵਿੱਚ ਦੋਵਾਂ ਪਾਰਟੀਆਂ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਦੋਵਾਂ ਦੇ ਸਮਰਥਕਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉੱਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੂੰ ਵੀ ਚਿੰਤਾ ਹੋਣ ਲੱਗੀ ਕਿ ਕੁਝ ਅਣਸੁਖਾਵਾਂ ਨਾ ਵਾਪਰ ਜਾਏ, ਜੇਕਰ ਕੁਝ ਹੁੰਦਾ ਹੈ ਤਾਂ ਭੀੜ ਕਾਰਨ ਸਥਿਤੀ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ। ਇੱਕ ਪਾਸੇ ਮਨੀਸ਼ ਸਿਸੋਦੀਆ ਕਾਰ ’ਤੇ ਸਵਾਰ ਸਨ ਅਤੇ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੱਥ ਵਿੱਚ ਪਾਰਟੀ ਦਾ ਝੰਡਾ ਫੜੀ ਕਾਰ ’ਤੇ ਸਵਾਰ ਸਨ। ਜਦੋਂ ਦੋਵਾਂ ਪਾਰਟੀਆਂ ਦੇ ਆਗੂ ਮਿਲੇ ਤਾਂ ਉਨ੍ਹਾਂ ਨੇ ਇੱਕ ਦੂਜੇ ਨੂੰ ਹੱਥ ਜੋੜ ਕੇ ਸਵਾਗਤ ਕੀਤਾ।

Advertisement