ਅਧਿਆਪਕਾਂ ਦੀਆਂ ਤਨਖ਼ਾਹਾਂ ਰੋਕਣ ਦੀ ਨਿਖੇਧੀ
ਪੰਜਾਬ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਵਿੱਤ ਵਿਭਾਗ ਦੇ ਆਨਲਾਈਨ ਤਨਖ਼ਾਹ ਸਬੰਧੀ ਪੋਰਟਲ ਰਾਹੀਂ ਤਨਖ਼ਾਹਾਂ ਦੀ ਅਦਾਇਗੀ ਦਿੱਤੀ ਜਾਂਦੀ ਹੈ। ਸਮੂਹ ਡੀਡੀਓਜ ਵੱਲੋਂ ਕਰਮਚਾਰੀਆਂ ਦੇ ਤਨਖਾਹ ਬਿੱਲ ਆਨਲਾਈਨ ਭੇਜੇ ਜਾ ਰਹੇ ਹਨ। ਪਰ ਅਧਿਆਪਕਾਂ ਦੇ ਜੁਲਾਈ 2025 ਦੇ ਤਨਖ਼ਾਹ ਬਿੱਲ ਜਦੋਂ ਖਜ਼ਾਨਾ ਦਫ਼ਤਰਾਂ ਵਿੱਚ ਭੇਜੇ ਗਏ ਤਾਂ ਉਨ੍ਹਾਂ ਵੱਲੋਂ ਡੀਡੀਓ ਦਾ ਏਜੀਡੀਡੀਓ ਕੋਡ ਆਨਲਾਈਨ ਪੋਰਟਲ ’ਤੇ ਲਿੰਕ ਨਾ ਹੋਣ ਕਾਰਨ ਅਧਿਆਪਕਾਂ ਦੀਆਂ ਤਨਖ਼ਾਹਾਂ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਪਰਵੀਨ ਕੁਮਾਰ, ਪਰਮਿੰਦਰਪਾਲ ਸਿੰਘ ਕਾਲੀਆ, ਸੰਜੀਵ ਸ਼ਰਮਾ ਤੇ ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਵੱਲੋਂ ਨਿਖੇਧੀ ਕੀਤੀ ਗਈ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਵਿੱਤ ਵਿਭਾਗ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਕੀਤੇ ਦਾ ਖ਼ਮਿਆਜ਼ਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਕੋਡ ਜਾਰੀ ਕਰਨ ਤੇ ਮੈਪਿੰਗ ਕਰਨ ਵਿੱਚ ਅਧਿਆਪਕਾਂ ਦਾ ਕੋਈ ਵੀ ਰੋਲ ਨਹੀਂ ਹੈ। ਪਰ ਫਿਰ ਵੀ ਸਕੂਲ ਮੁਖੀ ਅਤੇ ਅਧਿਆਪਕ ਖਜ਼ਾਨਾ ਦਫਤਰਾਂ ਵਿੱਚ ਡੀਡੀਓ ਕੋਡ ਪ੍ਰਾਪਤ ਕਰਨ ਅਤੇ ਮੈਪਿੰਗ ਕਰਵਾਉਣ ਲਈ ਗੇੜੇ ਮਾਰ ਰਹੇ ਹਨ।
ਇਸ ਮੌਕੇ ਹਰੀਦੇਵ, ਬਲਵੀਰ ਸਿੰਘ ਕੰਗ, ਸੰਜੀਵ ਯਾਦਵ, ਦਰਸ਼ਨ ਸਿੰਘ, ਮਨੀਸ਼ ਕੁਮਾਰ ਆਦਿ ਆਗੂ ਹਾਜ਼ਰ ਸਨ।