ਲੇਬਰ ਕੋਡ ਲਾਗੂ ਕਰਨ ਦੀ ਨਿਖੇਧੀ
ਕੇਂਦਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰ ਕੇ ਲਾਗੂ ਕੀਤੇ ਚਾਰ ਲੇਬਰ ਕੋਡ ਦੀ ਇਨਕਲਾਬੀ ਮਜ਼ਦੂਰ ਕੇਂਦਰ ਨੇ ਨਿਖੇਧੀ ਕੀਤੀ ਹੈ। ਕੇਂਦਰ ਦੇ ਸੂਬਾ ਆਗੂ ਕਾਮਰੇਡ ਸੁਰਿੰਦਰ ਸਿੰਘ, ਹਰਚਰਨ ਚੌਧਰੀ, ਗੱਲਰ ਚੌਹਾਨ ਅਤੇ ਨੌਜਵਾਨ ਮਜ਼ਦੂਰ ਆਗੂ ਰਵਿਤਾ ਨੇ ਕਿਹਾ ਕਿ ਨਵੇਂ ਕਿਰਤ ਕਾਨੂੰਨ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 29 ਕਿਰਤ ਕਾਨੂੰਨਾਂ ਦਾ ਕੀਰਤਨ ਸੋਹਿਲਾ ਪੜ੍ਹਨ ਅਤੇ ਚਾਰ ਕਿਰਤ ਕੋਡਾਂ ਰਾਹੀਂ ਸਰਮਾਏਦਾਰ ਜਮਾਤ ਨੂੰ ਮਜ਼ਦੂਰਾਂ ਦੀ ਕਿਰਤ ਦੀ ਹੋਰ ਵਧੇਰੇ ਲੁੱਟ ਕਰਨ ਅਤੇ ਅੰਨ੍ਹਾ ਮੁਨਾਫ਼ਾ ਕਮਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਕੰਮ ਦੇ ਘੰਟੇ, ਰੁਜ਼ਗਾਰ ਸੁਰੱਖਿਆ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ, ਔਰਤ ਮਜ਼ਦੂਰਾਂ ਦੇ ਵਿਸ਼ੇਸ਼ ਹੱਕਾਂ ਅਤੇ ਜਥੇਬੰਦ ਸੰਘਰਸ਼ ਜਿਹੇ ਬਹੁਤ ਸਾਰੇ ਕਿਰਤ ਹੱਕਾਂ ’ਤੇ ਵੱਡਾ ਹਮਲਾ ਕੀਤਾ ਗਿਆ ਹੈ। ਇਹ ਕਾਨੂੰਨ ਮੋਦੀ ਸਰਕਾਰ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਕਿਰਤ ਕਨੂੰਨਾਂ ਦੇ ਸਰਲੀਕਰਨ ਬਹਾਨੇ ਪੁਰਾਣੇ 29 ਕਿਰਤ ਕਨੂੰਨਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਜਗ੍ਹਾ ਚਾਰ ਕੋਡ ਲਿਆਂਦੇ ਗਏ ਸਨ। ਕਿਰਤ ਕਾਨੂੰਨਾਂ ’ਚ ਬਦਲਾਅ ’ਤੇ ਸਰਮਾਏਦਾਰ ਜਮਾਤ ਦੇ ਵੱਖ-ਵੱਖ ਧੜਿਆਂ ਅਤੇ ਉਨ੍ਹਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕਮਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਹਕੂਮਤ ਵੱਲੋਂ ਲਾਗੂ ਕੀਤੇ ਕਿਰਤ ਕੋਡ ਉਸ ਦੇ ਫਿਰਕੂ ਫਾਸ਼ੀਵਾਦੀ ਏਜੰਡੇ ਦਾ ਜਾਰੀ ਰੂਪ ਹਨ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਜਦੋਂ ਕਿਸਾਨ ਜਥੇਬੰਦੀਆਂ ਐੱਸ ਕੇ ਐੱਮ ਦੀ ਅਗਵਾਈ ਹੇਠ ਇਤਿਹਾਸਕ ਕਿਸਾਨ ਘੋਲ ਦੀ 5ਵੀਂ ਵਰ੍ਹੇਗੰਢ ਮੁਲਕ ਪੱਧਰ ’ਤੇ ਮਨਾਉਣਗੀਆਂ ਤਾਂ ਇਸੇ ਦਿਨ ਕੇਂਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਜਥੇਬੰਦੀਆਂ ਇਨ੍ਹਾਂ ਲੇਬਰ ਕੋਡਾਂ ਖਿਲਾਫ਼ ਤਿੱਖੇ ਰੋਸ ਪ੍ਰਦਰਸ਼ਨ ਕਰਨਗੀਆਂ।
