ਚੋਣ ਜ਼ਾਬਤੇ ਦੌਰਾਨ ਇੰਟਰਲੌਕ ਟਾਈਲਾਂ ਭੇਜਣ ਦੀ ਸ਼ਿਕਾਇਤ
ਐੱਸ ਸੀ ਬੀ ਸੀ ਭਲਾਈ ਮੰਚ ਦੇ ਪ੍ਰਧਾਨ ਤੇ ਸਾਬਕਾ ਲੋਕ ਸੰਪਰਕ ਅਧਿਕਾਰੀ ਜਤਿੰਦਰ ਸਿੰਘ ਪਮਾਲ ਨੇ ਹਲਕਾ ਦਾਖਾ ਦੇ ਰਿਟਰਨਿੰਗ ਅਫ਼ਸਰ ਨੂੰ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਿੰਡ ਦੀਆਂ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਭੇਜਣ ਦੀ ਸ਼ਿਕਾਇਤ ਕੀਤੀ ਹੈ। ਪ੍ਰਧਾਨ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ 28 ਨਵੰਬਰ ਨੂੰ 23 ਜ਼ਿਲ੍ਹਾ ਪਰਿਸ਼ਦਾਂ ਦੀਆਂ 357 ਸੀਟਾਂ ਅਤੇ 154 ਪੰਚਾਇਤ ਸਮਿਤੀਆਂ ਦੀਆਂ 2863 ਸੀਟਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਸੀ। ਇਸ ਐਲਾਨ ਦੇ ਨਾਲ ਹੀ ਪੰਜਾਬ ਅੰਦਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਜਿਸ ਦੌਰਾਨ ਕੋਈ ਵੀ ਸਰਕਾਰੀ ਅਦਾਰਾ ਨਵਾਂ ਕੰਮ ਨਹੀਂ ਕਰਵਾ ਸਕਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚਲੇ ਮਜ੍ਹਬੀ ਸਿੱਖਾਂ ਦੇ ਕੱਚੇ ਵਿਹੜੇ ਵਿੱਚ ਅੱਜ ਐਤਵਾਰ ਨੂੰ ਕਿਸੇ ਅਦਾਰੇ ਨੇ ਚੋਣ ਜ਼ਾਬਤੇ ਦੀਆਂ ਧੱਜੀਆ ਉਡਾਉਂਦੇ ਹੋਏ ਇੰਟਰਲੌਕ ਟਾਈਲਾਂ ਸੁੱਟ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਚੋਣ ਜ਼ਾਬਤਾ ਉਲੰਘਣਾ ਵਾਲੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਰਿਟਰਨਿੰਗ ਅਫ਼ਸਰ ਨੂੰ ਅਪੀਲ ਕੀਤੀ ਕਿ ਜੇ ਇਹ ਕੰਮ ਕਿਸੇ ਉਮੀਦਵਾਰ ਹੈ ਤਾਂ ਉਸ ਦੇ ਕਾਗਜ਼ ਫੌਰੀ ਰੱਦ ਕਰਕੇ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ ਜਾਵੇ। ਇਸ ਸਬੰਧੀ ਰਿਟਰਨਿੰਗ ਅਫ਼ਸਰ ਉਪਿੰਦਰਜੀਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ ਐੱਨ ਐੱਸ ਕੰਗ ਨੇ ਕਿਹਾ ਕਿ ਉਨ੍ਹਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਉਹ ਅਜਿਹੀ ਰਾਜਨੀਤੀ ਵਿੱਚ ਯਕੀਨ ਰੱਖਦੇ ਹਨ। ਡਾ. ਕੰਗ ਨੇ ਕਿਹਾ ਕਿ ਉਨ੍ਹਾਂ ਦਾ ਤਾਂ ਪਿੰਡ ਪਮਾਲ ਵਿੱਚ ਸਰਪੰਚ ਵੀ ਨਹੀਂ ਹੈ।
