ਵੈਟਰਨਰੀ ’ਵਰਸਿਟੀ ਵਿੱਚ ਪੰਜਾਬ ਦੀ ਵਿਰਾਸਤ ਨਾਲ ਸਬੰਧਤ ਮੁਕਾਬਲੇ
ਪੱਗ ਬੰਨ੍ਹਣ ਦੇ ਮੁਕਾਬਲੇ ਵਿੱਚ ਸਹਿਜਪ੍ਰੀਤ ਗਿੱਲ ਮੋਹਰੀ
Advertisement
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੇ ਮਕਸਦ ਨਾਲ ਪੱਗ ਬੰਨ੍ਹਣ, ਮਹਿੰਦੀ ਲਗਾਉਣ, ਲੰਮੀ ਗੁੱਤ ਅਤੇ ਕਵੀਸ਼ਰੀ ਦੇ ਮੁਕਾਬਲੇ ਕਰਵਾਏ ਗਏ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਹ ਮੁਕਾਬਲੇ ਪੰਜਾਬ ਦੀ ਸੱਭਿਆਚਾਰਕ ਅਮੀਰੀ ਨੂੰ ਹੋਰ ਅਮੀਰ ਕਰਦੇ ਹਨ। ਪੱਗ ਬੰਨ੍ਹਣ ਦੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਕਾਫ਼ੀ ਦਿਲਸਚਪੀ ਦਿਖਾਈ। ਇਸ ਮੁਕਾਬਲੇ ਵਿੱਚ ਕਾਲਜ ਆਫ਼ ਐਨੀਮਲ ਬਾਇਓ-ਤਕਨਾਲੋਜੀ ਦੇ ਸਹਿਜਪ੍ਰੀਤ ਸਿੰਘ ਗਿੱਲ ਨੇ ਪਹਿਲਾ, ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੇ ਸੰਦੀਪ ਸਿੰਘ ਨੇ ਦੂਜਾ ਜਦਕਿ ਇਸੇ ਕਾਲਜ ਦੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵੀਸ਼ਰੀ ਮੁਕਾਬਲੇ ਵਿੱਚ ਕਾਲਜ ਆਫ਼ ਵੈਟਰਨਰੀ ਸਾਇੰਸ ਦੀ ਟੀਮ ਨੇ ਪਹਿਲਾ, ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਮਹਿੰਦੀ ਲਗਾਉਣ ਦੇ ਮੁਕਾਬਲੇ ਵਿੱਚ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੀ ਰੀਆ ਨੇ ਪਹਿਲਾ, ਕਾਲਜ ਆਫ ਵੈਟਰਨਰੀ ਸਾਇੰਸ ਦੀ ਅਵਰੀਨ ਕੌਰ ਨੇ ਦੂਜਾ ਜਦਕਿ ਕਾਲਜ ਆਫ਼ ਐਨੀਮਲ ਬਾਇਓ-ਤਕਨਾਲੋਜੀ ਦੀ ਅੰਜਲੀ ਪਾਸਵਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਗੁੱਤ ਦੇ ਮੁਕਾਬਲੇ ਵਿੱਚ ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੀ ਰਵਜੋਤ ਸ਼ਰਮਾ ਨੇ ਪਹਿਲਾ, ਇਸੇ ਕਾਲਜ ਦੀ ਹਰਸ਼ ਨੇ ਦੂਜਾ ਜਦਕਿ ਕਾਲਜ ਆਫ਼ ਵੈਟਰਨਰੀ ਸਾਇੰਸ ਤੇ ਰਾਮਪੁਰਾ ਫੂਲ ਦੀ ਸ਼ਵੇਤਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਕਿਹਾ ਕਿ ਪੱਗ ਬੰਨ੍ਹਣਾ, ਮਹਿੰਦੀ ਲਗਾਉਣਾ, ਲੰਮੀ ਗੁੱਤ ਅਤੇ ਕਵੀਸ਼ਰੀ ਵਰਗੀਆਂ ਗਤੀਵਿਧੀਆਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਦੀਆਂ ਹਨ।
Advertisement
Advertisement
