ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਮੁਕਾਬਲੇ ਕਰਵਾਏ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਖੰਨਾ ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਨਾਚ, ਕਵਿਤਾ, ਗਿੱਧਾ, ਭਾਸ਼ਣ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੰਜਾਬੀ ਪਸਾਰ ਭਾਸ਼ਾ ਭਾਈਚਾਰੇ ਦੇ ਸਰਪ੍ਰਸਤ ਮਿੱਤਰ ਸੇਨ ਅਤੇ ਦਵਿੰਦਰ ਸਿੰਘ ਸ਼ੇਖਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰਿੰਸੀਪਲ ਭਿੰਦਰਪਾਲ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਇਮਤਿਹਾਨ ਪੇਪਰ ਮੈਨੇਜਮੈਂਟ ਵੱਲੋਂ ਬਣ ਕੇ ਆਉਂਦੇ ਹਨ ਅਤੇ ਬਾਹਰਲੇ ਅਧਿਆਪਕਾਂ ਵੱਲੋਂ ਨਤੀਜਾ ਬਣਾਇਆ ਜਾਂਦਾ ਹੈ, ਜਿਸ ਕਾਰਨ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ਿੱਦਤ ਨਾਲ ਪੜ੍ਹਨਾ ਅਤੇ ਪੜ੍ਹਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਮੈਨੇਜਮੈਂਟ ਵੱਲੋਂ ਆਈ ਏ ਐੱਸ ਅਤੇ ਐੱਨ ਡੀ ਏ ਦੀ ਤਿਆਰੀ ਪਟਿਆਲਾ ਵਿਖੇ ਮੁਫ਼ਤ ਕਰਵਾਈ ਜਾਂਦੀ ਹੈ। ਉਪਰੰਤ ਵਿਦਿਆਰਥੀਆਂ ਨੇ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ, ਕਵੀਸ਼ਰੀ, ਭਾਸ਼ਣ ਦੀਆਂ ਵੰਨਗੀਆਂ ਪੇਸ਼ ਕਰਕੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸਰਪ੍ਰਸਤ ਮਿੱਤਰ ਸੈਨ ਨੇ ਪੰਜਾਬੀ ਦੇ ਸਕਾਰਾਤਮਕ ਰੂਪ ਨੂੰ ਪੇਸ਼ ਕਰਦਿਆਂ ਦੱਸਿਆ ਕਿ ਕਿਵੇਂ ਪੰਜਾਬੀ ਮਾਂ ਬੋਲੀ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ, ਮੈਡਲ, ਸਲੇਬਰ ਦੀਆਂ ਕਿਤਾਬਾਂ, ਕੰਪਿਊਟਰ ਬੈਗ ਨਾਲ ਸਨਮਾਨਿਤ ਕਰਦਿਆਂ ਪੰਜਾਬੀ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਗੁਰਨਾਮ ਸਿੰਘ ਸ਼ੀਤਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਸ਼ੋਸ਼ਲ ਮੀਡੀਆ ਤੋਂ ਦੂਰ ਰਹਿਣ ਰਹਿ ਕੇ ਲਗਨ ਨਾਲ ਪੜ੍ਹਾਈ ਕਰਨ ਦੀ ਅਪੀਲ ਕੀਤੀ। ਸਕੂਲ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ ਲਈ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕ ਮਨਦੀਪ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਕੰਵਲਜੀਤ ਸਿੰਘ, ਮੇਜਰ ਸਿੰਘ ਮਹਿਮੀ, ਰਾਜਿੰਦਰ ਸਿੰਘ ਲਿਬੜਾ, ਲਛਮਣ ਸਿੰਘ ਗਰੇਵਾਲ, ਸੁਖਬੀਰ ਸਿੰਘ ਆਹਲੂਵਾਲੀਆ, ਰਛਪਾਲ ਸਿੰਘ, ਦਵਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।
