ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 60 ਲੱਖ ਦਾ ਮੁਆਵਜ਼ਾ ਵੰਡਿਆ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਇਥੇ ਨਸ਼ਿਆਂ ਖ਼ਿਲਾਫ਼ ਇਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਆਮ ਆਦਮੀ ਪਾਰਟੀ ਦੇ ਨਸ਼ਿਆਂ ਖ਼ਿਲਾਫ਼ ਟੀਮਾਂ ਬਣਾ ਕੇ ਨਿਯੁਕਤ ਕੀਤੇ ਵਾਲੰਟੀਅਰ ਵੀ ਸ਼ਾਮਲ ਹੋਏ। ਇਸੇ ਤਰ੍ਹਾਂ ਇਕ ਵੱਖਰੇ ਸਮਾਗਮ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵਿਧਾਇਕਾ ਮਾਣੂੰਕੇ ਨੇ 60.33 ਲੱਖ ਦੀ ਮੁਆਵਜ਼ਾ ਰਾਸ਼ੀ ਵੰਡੀ। ਨਸ਼ਾ ਵਿਰੋਧੀ ਸਮਾਗਮ ਵਿੱਚ ਬੀਬੀ ਮਾਣੂੰਕੇ ਨੇ ਦਾਅਵਾ ਕੀਤਾ ਕਿ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਦਕਾ ਲੱਖਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਚਾਇਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਕਾਫੀ ਹੱਦ ਠੱਲ੍ਹ ਪਈ ਹੈ ਅਤੇ ਰਹਿੰਦਾ ਨਸ਼ਾ ਵੀ ਜਲਦ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ ਜਿਸ ਵਿੱਚ ਸਰਕਾਰ ਲੱਗੀ ਹੋਈ ਹੈ। ਵਿਧਾਇਕਾ ਮਾਣੂੰਕੇ ਨੇ ਹਲਕਾ ਜਗਰਾਉਂ ਨਾਲ ਸਬੰਧਤ ਪਿੰਡ ਕੰਨੀਆਂ ਹੁਸੈਨੀ, ਮਧੇਪੁਰ ਆਦਿ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 60.33 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਭਰਾਵਾਂ ਨਾਲ ਮੁਆਵਜ਼ਾ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕਰ ਦਿੱਤਾ ਗਿਆ ਹੈ।
