ਸੜਕਾਂ ’ਤੇ ਕਟਰ ਸਣੇ ਚੱਲਦੀਆਂ ਕੰਬਾਈਨਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਸੱਦਾ
ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਦੇ ਬਾਵਜੂਦ ਮੁੱਖ ਮਾਰਗਾਂ ਉਪਰ ਕਟਰ ਸਣੇ ਸ਼ਰੇਆਮ ਘੁੰਮਦੀਆਂ ਹਾਰਵੈਸਟਰ ਕੰਬਾਈਨਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ ਪਰ ਟਰੈਫ਼ਿਕ ਪੁਲੀਸ ਮੂਕ ਦਰਸ਼ਕ ਬਣੀ ਹੋਈ ਹੈ। ਹਰ ਸਾਲ ਹਾੜੀ ਅਤੇ ਸੌਣੀ ਦੀ ਫ਼ਸਲ ਦੀ ਵਾਢੀ ਸਮੇਂ ਕੰਬਾਈਨਾਂ ਦੇ ਕਟਰਾਂ ਦੀ ਲਪੇਟ ਵਿੱਚ ਆ ਕੇ ਅਨੇਕਾਂ ਹਾਦਸਿਆਂ ਵਿੱਚ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਜਿਸ ਨੂੰ ਦੇਖਦਿਆਂ ਇਸ ਸਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਟਰ ਲਾ ਕੇ ਕੰਬਾਈਨਾਂ ਦੇ ਸੜਕਾਂ ਉਪਰ ਜਾਣ ਵਿਰੁੱਧ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਝੋਨੇ ਦੀ ਵਾਢੀ ਦੇ ਮੌਸਮ ਵਿੱਚ ਕੇਵਲ ਸੰਪਰਕ ਸੜਕਾਂ ਹੀ ਨਹੀਂ ਸਗੋਂ ਰਾਜ ਮਾਰਗਾਂ ਅਤੇ ਕੌਮੀ ਮਾਰਗਾਂ ਉਪਰ ਵੀ ਕਟਰ ਲੱਗੀਆਂ ਕੰਬਾਈਨਾਂ ਆਮ ਦਿਖਾਈ ਦਿੰਦੀਆਂ ਹਨ।
ਕੰਬਾਈਨਾਂ ਦੇ ਮਾਲਕ, ਡਰਾਈਵਰ ਅਤੇ ਕਿਸਾਨ ਸਮੇਂ ਦੀ ਬੱਚਤ ਅਤੇ ਥੋੜ੍ਹੀ ਜਿਹੀ ਮਿਹਨਤ ਬਚਾਉਣ ਦੇ ਚੱਕਰ ਵਿੱਚ ਲੋਕਾਂ ਦੀ ਜਾਨ ਲਈ ਜੋਖ਼ਮ ਖੜ੍ਹਾ ਕਰ ਦਿੰਦੇ ਹਨ। ਰਾਏਕੋਟ ਇਲਾਕੇ ਦੇ ਲੁਧਿਆਣਾ-ਬਠਿੰਡਾ, ਜਗਰਾਉਂ-ਮਲੇਰਕੋਟਲਾ ਰਾਜ ਮਾਰਗ ਸਮੇਤ ਪਿੰਡਾਂ ਦੀਆਂ ਸੰਪਰਕ ਸੜਕਾਂ ਉਪਰ ਕਟਰ ਲੱਗੀਆਂ ਹਾਰਵੈਸਟਰ ਕੰਬਾਈਨਾਂ ਦਾ ਚੱਲਣਾ ਆਮ ਗੱਲ ਹੈ। ਕੌਮੀ, ਰਾਜ ਮਾਰਗ ਅਤੇ ਪਿੰਡਾਂ ਦੀਆਂ ਸੰਪਰਕ ਸੜਕਾਂ ਉੱਪਰ ਇਸੇ ਕਾਰਨ ਆਵਾਜਾਈ ਬੇਹੱਦ ਪ੍ਰਭਾਵਿਤ ਹੁੰਦੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਦੇਰ ਸ਼ਾਮ ਜਾਂ ਰਾਤ ਦੇ ਸਮੇਂ ਵੀ ਕਟਰ ਸਮੇਤ ਕੰਬਾਈਨਾਂ ਦੀ ਲਪੇਟ ਵਿੱਚ ਆਉਣ ਕਾਰਨ ਚਾਰ ਪਹੀਆ ਗੱਡੀਆਂ ਸਣੇ ਸਾਈਕਲ, ਮੋਟਰਸਾਈਕਲ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ।
ਇਸ ਬਾਰੇ ਹਰਜਿੰਦਰ ਸਿੰਘ ਉਪ ਪੁਲੀਸ ਕਪਤਾਨ ਰਾਏਕੋਟ ਨੇ ਕਿਹਾ ਕਿ ਸਾਰੇ ਥਾਣਾ ਮੁਖੀਆਂ ਅਤੇ ਟਰੈਫ਼ਿਕ ਪੁਲੀਸ ਨੂੰ ਮੁੱਖ ਮਾਰਗਾਂ ਸਣੇ ਸੰਪਰਕ ਸੜਕਾਂ ਉਪਰ ਕਟਰ ਸਣੇ ਚੱਲਣ ਵਾਲੀਆਂ ਹਾਰਵੈਸਟਰ ਕੰਬਾਈਨਾਂ ਖ਼ਿਲਾਫ਼ ਕਾਰਵਾਈ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕੰਬਾਈਨ ਮਾਲਕਾਂ ਅਤੇ ਡਰਾਈਵਰਾਂ ਨੂੰ ਇਸ ਮਾਮਲੇ ਵਿੱਚ ਸਖ਼ਤ ਚਿਤਾਵਨੀ ਵੀ ਦਿੱਤੀ ਹੈ।
