ਠੰਢ ਨੇ ਲੁਧਿਆਣਵੀਆਂ ਨੂੰ ਕੰਬਣੀ ਛੇੜੀ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਹੁਣ ਰਾਤ ਦਾ ਤਾਪਮਾਨ ਵੀ 5 ਡਿਗਰੀ ਸੈਲਸੀਅਸ ਤੱਕ ਹੇਠਾਂ ਪਹੁੰਚ ਗਿਆ ਹੈ। ਜੇ ਪੀਏਯੂ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਔਸਤ ਦੇ ਮੁਕਾਬਲੇ ਹਾਲੇ ਠੰਢ ਵਿੱਚ ਮਾਮੂਲੀ ਵਾਧਾ ਹੋਇਆ ਹੈ। ਹੋਰਨਾਂ ਸ਼ਹਿਰਾਂ ਤੋਂ ਹਮੇਸ਼ਾ ਗਰਮ ਮੰਨੇ ਜਾਂਦੇ ਲੁਧਿਆਣਾ ਸ਼ਹਿਰ ਵਿੱਚ ਸ਼ਨਿੱਚਰਵਾਰ ਹਲਕੀ ਬੱਦਲਵਾਈ ਰਹਿਣ ਕਰਕੇ ਐਤਵਾਰ ਵੀ ਮੌਸਮ ਠੰਢਾ ਹੀ ਰਿਹਾ। ਪਿਛਲੇ ਕੁੱਝ ਦਿਨਾਂ ਤੋਂ ਰਾਤ ਦੇ ਤਾਪਮਾਨ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ। ਪੀ ਏ ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਦੇ ਕਹਿਣ ਅਨੁਸਾਰ ਦਸੰਬਰ ਮਹੀਨੇ ’ਚ ਵੱਧ ਤੋਂ ਵੱਧ ਔਸਤਨ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਹੈ ਪਰ ਅੱਜਕਲ੍ਹ ਇਹ ਤਾਪਮਾਨ 20 ਤੋਂ 22 ਡਿਗਰੀ ਸੈਲਸੀਅਸ ਤੱਕ ਹੇਠਾਂ ਚੱਲ ਰਿਹਾ ਹੈ। ਇਸੇ ਤਰ੍ਹਾਂ ਰਾਤ ਦਾ ਦਸੰਬਰ ਮਹੀਨੇ ਦਾ ਔਸਤ ਤਾਪਮਾਨ 7 ਡਿਗਰੀ ਸੈਲਸੀਅਸ ਹੈ ਜੋ ਅੱਜਕਲ੍ਹ 5 ਡਿਗਰੀ ਸੈਲਸੀਅਸ ਤੱਕ ਵੀ ਹੇਠਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਲੁਧਿਆਣਾ ਵਿੱਚ ਠੰਢ ਮਹਿਸੂਸ ਹੋ ਰਹੀ ਹੈ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਦਸਬੰਰ ਮਹੀਨੇ ਦੇ ਪਹਿਲੇ ਹਫ਼ਤੇ ਠੰਢ ਵਿੱਚ ਮਾਮੂਲੀ ਹੀ ਵਾਧਾ ਹੋਇਆ ਹੈ। ਉਨ੍ਹਾਂ ਨੇ ਆਉਂਦੇ ਦਿਨਾਂ ਵਿੱਚ ਹਾਲਾਂ ਮੀਂਹ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ। ਦੂਜੇ ਪਾਸੇ ਪਿਛਲੇ ਕੁੱਝ ਦਿਨਾਂ ਤੋਂ ਅਕਾਸ਼ ’ਤੇ ਹਲਕੀ ਬੱਦਲਵਾਈ ਕਰਕੇ ਦਿਨ ਸਮੇਂ ਵੀ ਠੰਢਕ ਵਧ ਗਈ ਹੈ। ਇਸ ਦਾ ਅੰਦਾਜ਼ਾ ਸਥਾਨਕ ਗਊਸ਼ਾਲਾ ਰੋਡ ’ਤੇ ਕੰਬਲਾਂ ਦੀਆਂ ਥੋਕ ਦੀਆਂ ਦੁਕਾਨਾਂ ’ਤੇ ਵਧੀ ਗਾਹਕਾਂ ਦੀ ਭੀੜ ਤੋਂ ਲਾਇਆ ਜਾ ਸਕਦਾ ਹੈ। ਸਵੇਰ ਸਮੇਂ ਦੂਰ-ਦੁਰਾਡੇ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਕਈ ਲੋਕਾਂ ਸੜਕਾਂ ਕਿਨਾਰੇ ਧੂਣੀ ਲਾ ਕੇ ਅੱਗ ਵੀ ਸੇਕਦੇ ਦੇਖੇ ਗਏ ਹਨ।
ਆਯੂਰਵੈਦਿਕ ਡਾਕਟਰ ਇੰਦਰਜੀਤ ਸੇਠੀ ਅਨੁਸਾਰ ਅਜਿਹੇ ਮੌਸਮ ਵਿੱਚ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਸਵੇਰੇ ਅਤੇ ਸ਼ਾਮ ਨੂੰ ਘਰਾਂ ਤੋਂ ਬਾਹਰ ਨਾ ਨਿਕਲੋ। ਇਹੋ ਜਿਹੀ ਸੁੱਕੀ ਠੰਢ ਬਜ਼ੁਰਗਾਂ, ਬੱਚਿਆਂ, ਦਮੇ ਦੇ ਮਰੀਜ਼ਾਂ ’ਤੇ ਵੱਧ ਅਸਰ ਕਰਦੀ ਹੈ। ਉਨ੍ਹਾਂ ਨੇ ਦਿਨ ’ਚ ਇੱਕ ਵਾਰ ਪਾਣੀ ’ਚ ਅਦਰਕ, ਤੁਲਸੀ ਦੇ ਪੱਤੇ, ਸੌਂਫ ਆਦਿ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਹੈ।
