ਦਿਨ ਵੇਲੇ ਠੰਢ ਅਤੇ ਧੁੰਦ ਵਧੀ
ਇਥੇ ਪਿਛਲੇ ਕਈ ਦਿਨਾਂ ਤੋਂ ਧੁੱਪ ਨਿਕਲ ਰਹੀ ਸੀ ਪਰ ਅੱਜ ਸਾਰਾ ਦਿਨ ਵਿੱਚ ਹਲਕੀ ਧੁੰਦ ਛਾਈ ਰਹੀ ਅਤੇ ਬੱਦਲਵਾਈ ਹੋਣ ਕਰਕੇ ਦਿਨੇ ਠੰਢ ਵਧ ਗਈ ਹੈ। ਸਵੇਰ ਵੇਲੇ ਕਈ ਸੜਕਾਂ ’ਤੇ ਧੁੰਦ ਇੰਨੀ ਸੰਘਣੀ ਸੀ ਕਿ ਵਾਹਨ ਚਾਲਕਾਂ ਨੂੰ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਚੱਲਣਾ ਪਿਆ। ਦੂਜੇ ਪਾਸੇ ਪੀ ਏ ਯੂ ਮੌਸਮ ਵਿਭਾਗ ਨੇ ਆਉਂਦੇ 24 ਘੰਟਿਆਂ ’ਚ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕਈ ਦਿਨਾਂ ਦੀ ਧੁੱਪ ਤੋਂ ਬਾਅਦ ਅੱਜ ਸਾਰਾ ਦਿਨ ਹਲਕੀ ਧੁੰਦ ਅਤੇ ਬੱਦਲਵਾਈ ਰਹਿਣ ਨਾਲ ਮੌਸਮ ਠੰਢਾ ਹੋ ਗਿਆ ਹੈ। ਪੀ ਏ ਯੂ ਦੇ ਮੌਸਮ ਵਿਭਾਗ ਨੇ ਬੀਤੇ ਦਿਨ ਹੀ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਸ਼ੁੱਕਰਵਾਰ ਤੜਕਸਾਰ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਦੌਰਾਨ ਕਈ ਵਾਰ ਸੂਰਜ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਧੁੰਦ ਕਰਕੇ ਸੂਰਜ ਦੀ ਚਮਕ ਵੀ ਮੱਧਮ ਹੀ ਰਹੀ। ਧੁੰਦ ਕਰਕੇ ਰਾਹ ਸਾਫ ਨਾ ਦਿਖਣ ਕਰਕੇ ਕਈ ਵਾਹਨ ਚਾਲਕਾਂ ਨੇ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਤੱਕ ਜਗਾ ਕੇ ਰੱਖੀਆਂ ਹੋਈਆਂ ਸਨ। ਜਿਉਂ ਜਿਉਂ ਠੰਢ ਜ਼ੋਰ ਫੜ ਰਹੀ ਹੈ ਬਿਜਲੀ ਮਾਰਕੀਟ ’ਚ ਹੀਟਰ, ਗੀਜ਼ਰ ਆਦਿ ਦੀ ਮੰਗ ਵਿੱਚ ਵੀ ਕਈ ਗੁਣਾ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਦੇਸੀ ਅੰਗੀਠੀਆਂ ਅਤੇ ਚੁੱਲ੍ਹੇ ਵੇਚਣ ਵਾਲੇ ਦੁਕਾਨਦਾਰਾਂ ਨੇ ਵੀ ਅੱਜ ਦੀ ਧੁੰਦ ਅਤੇ ਬੱਦਲਵਾਈ ਤੋਂ ਬਾਅਦ ਆਪਣਾ ਸਮਾਨ ਵਿਕਰੀ ਲਈ ਸਜਾ ਕੇ ਸੜਕਾਂ ’ਤੇ ਰੱਖ ਦਿੱਤਾ ਹੈ। ਇਹ ਦੁਕਾਨਾਂ ਸ਼ਿੰਗਾਰ ਸਿਨੇਮਾ ਰੋਡ, ਘੁਮਾਰ ਮੰਡੀ ਆਦਿ ਥਾਵਾਂ ’ਤੇ ਬਣੀਆਂ ਹੋਈਆਂ ਹਨ। ਜੇਕਰ ਪੀ ਏ ਯੂ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸਵੇਰ ਸਮੇਂ ਮੌਸਮ ਵਿੱਚ ਨਮੀ ਦੀ ਮਾਤਰਾ 97 ਫੀਸਦੀ ਅਤੇ ਸ਼ਾਮ ਨੂੰ 40 ਫੀਸਦੀ ਦਰਜ ਕੀਤੀ ਗਈ ਹੈ। ਪੀਏਯੂ ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।
