ਲੁਧਿਆਣਾ ’ਚ ਯੂਥ ਕਾਂਗਰਸੀ ਵਰਕਰਾਂ ਦੇ ਪੁਲੀਸ ਵਿਚਾਲੇ ਝੜਪ
ਸਨਅਤੀ ਸ਼ਹਿਰ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਅੱਜ ਫਿਰੋਜ਼ਪੁਰ ਰੋਡ ਸਥਿਤ ਆਰਐੱਸਐੱਸ ਦਫ਼ਤਰ ਦਾ ਘਿਰਾਓ ਕਰ ਕੇ ਕੇਰਲ ਵਿੱਚ ਆਰਐਸਐਸ ਕੈਂਪ ਦੌਰਾਨ ਖੁਦਕੁਸ਼ੀ ਕਰਨ ਵਾਲੇ ਸਾਫ਼ਵੇਅਰ ਇੰਜਨੀਅਰ ਆਨੰਦੂ ਅਜੀ ਦੀ ਮੌਤ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਵੀ ਹੋਈ। ਵੱਡੀ ਗਿਣਤੀ ਵਿੱਚ ਮੌਜੂਦ ਪੁਲੀਸ ਨੇ ਕੁਝ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਵੀ ਲਿਆ। ਇਸ ਦੌਰਾਨ ਪ੍ਰਦਰਸ਼ਨ ਦੀ ਅਗਵਾਈ ਯੂਥ ਕਾਂਗਰਸੀ ਆਗੂ ਮੋਹਿਤ ਮਹਿੰਦਰਾ ਤੇ ਹੋਰਨਾਂ ਨੇ ਕੀਤੀ।
ਪ੍ਰਦਰਸ਼ਨ ਦੌਰਾਨ ਮੋਹਿਤ ਮਹਿੰਦਾ ਨੇ ਕਿਹਾ ਕਿ ਆਨੰਦੂ ਅਜੀ ਦੀ ਮੌਤ ਨੇ ਆਰਐਸਐਸ ਦੀ ਅਸਲ ਤਸਵੀਰ ਸਾਰਿਆਂ ਸਾਹਮਣੇ ਲਿਆਂਦੀ ਹੈ ਪਰ ਪੁਲੀਸ ਨੇ ਮ੍ਰਿਤਕ ਇੰਜਨੀਅਰ ਦੀ ਇੰਸਟਾਗ੍ਰਾਮ ਪੋਸਟ ਵਿੱਚ ਆਰਐਸਐਸ ਦਾ ਨਾਮ ਹੋਣ ਦੇ ਬਾਵਜੂਦ ਐਫਆਈਆਰ ਵਿੱਚ ਨਾਮਜ਼ਦ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਮ੍ਰਿਤਕ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਯੂਥ ਕਾਂਗਰਸੀ ਵਰਕਰਾਂ ਨੇ ਅੱਜ ਇਹ ਧਰਨਾ ਲਾਇਆ ਹੈ। ਦਫ਼ਤਰ ਦਾ ਘਿਰਾਓ ਕਰਕੇ ਯੂਥ ਕਾਂਗਰਸੀ ਵਰਕਰਾਂ ਨੇ ਆਰਐਸਐਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਨੇ ਮੌਕੇ ’ਤੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਸੀ। ਯੂਥ ਕਾਂਗਰਸੀ ਵਰਕਰਾਂ ਨੂੰ ਰੋਕਣ ਲਈ ਬੈਰੀਕੇਟਿੰਗ ਕੀਤੀ ਗਈ ਸੀ। ਜਦੋਂ ਵਰਕਰਾਂ ਨੇ ਬੈਰੀਕੇਟਿੰਗ ਟੱਪ ਦਫਤਰ ’ਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ। ਇਸ ਦੌਰਾਨ ਵਰਕਰਾਂ ਤੇ ਪੁਲੀਸ ਵਿਚਾਲ ਝੜਪ ਵੀ ਹੋ ਗਈ। ਪੁਲੀਸ ਨੇ ਜਬਰਦਸਤੀ ਯੂਥ ਵਰਕਰਾਂ ਨੂੰ ਚੁੱਕ ਕੇ ਥਾਣੇ ਲੈ ਗਈ ਤੇ ਦੇਰ ਸ਼ਾਮ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।