ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੱਚੇ ਮੁਲਾਜ਼ਮਾਂ ਤੇ ਪੁਲੀਸ ’ਚ ‘ਝੜਪ’, ਕਈ ਪ੍ਰਦਰਸ਼ਨਕਾਰੀ ਹਿਰਾਸਤ ’ਚ ਲਏ

ਪੁਲੀਸ ਨੇ ਮੁਲਾਜ਼ਮਾਂ ਨੂੰ ਨਿਗਮ ਦਫ਼ਤਰ ਅੰਦਰ ਦਾਖ਼ਲ ਹੋਣ ਤੋਂ ਰੋਕਿਆ; ਮੁੱਖ ਗੇਟ ਦੇ ਸ਼ੀਸ਼ੇ ਟੁੱਟੇ; ਪੁਲੀਸ ਵੱਲੋਂ ਵਿੱਕੀ ਸਹੋਤਾ, ਰਵਿੰਦਰ ਤੇ ਪ੍ਰਭਾਤ ਰਾਏ ਸਣੇ ਕਈ ਖ਼ਿਲਾਫ਼ ਕੇਸ ਦਰਜ
ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈਂਦੀ ਹੋਈ ਪੁਲੀਸ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ

ਲੁਧਿਆਣਾ, 26 ਮਈ

Advertisement

ਨਗਰ ਨਿਗਮ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮ ਅੱਜ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਡੀ ਜ਼ੋਨ ਦਾ ਘਿਰਾਓ ਕਰਨ ਲਈ ਪੁੱਜੇ। ਇਸ ਦੌਰਾਨ ਦਫਤਰ ਅੰਦਰ ਦਾਖ਼ਲ ਹੋਣ ਸਮੇਂ ਕੱਚੇ ਮੁਲਾਜ਼ਮਾਂ ਤੇ ਪੁਲੀਸ ਮੁਲਾਜ਼ਮਾਂ ਦਰਮਿਆਨ ਧੱਕਾਮੁਕੀ ਸ਼ੁਰੂ ਹੋ ਗਈ। ਕੱਚੇ ਮੁਲਾਜ਼ਮਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਪੁਲੀਸ ਨੂੰ ਕਾਫ਼ੀ ਜ਼ੋਰ-ਅਜ਼ਮਾਇਸ਼ ਕਰਨੀ ਪਈ। ਇਸ ਦੌਰਾਨ ਨਗਰ ਨਿਗਮ ਦੇ ਡੀ ਜ਼ੋਨ ਦਾ ਗੇਟ ਦੇ ਸ਼ੀਸ਼ੇ ਵੀ ਟੁੱਟ ਗਏ। ਮਾਹੌਲ ਵਿਗੜਦਾ ਦੇਖ ਵੱਡੀ ਗਿਣਤੀ ਵਿੱਚ ਪੁੱਜੇ ਪੁਲੀਸ ਮੁਲਾਜ਼ਮਾਂ ਨੇ ਕੱਚੇ ਮੁਲਾਜ਼ਮਾਂ ਨੂੰ ਅੰਦਰ ਜਾਣ ਤੋਂ ਰੋਕਿਆ ਤੇ ਥਾਣਾ ਡਵੀਜ਼ਨ ਨੰਬਰ 5 ਤੇ ਹੋਰ ਥਾਣਿਆਂ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਾਮਲੇ ਵਿੱਚ ਪੁਲੀਸ ਨੇ ਵਿੱਕੀ ਸਹੋਤਾ, ਰਵਿੰਦਰ ਅਤੇ ਪ੍ਰਭਾਤ ਰਾਏ ਸਣੇ ਕਈ ਪ੍ਰਦਰਸ਼ਨਕਾਰੀ ਆਗੂਆਂ ਵਿਰੁੱਧ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ, ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਮੁਲਾਜ਼ਮਾਂ ਨਾਲ ਹੱਥੋਪਾਈ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਵਿੱਕੀ ਸਹੋਤਾ, ਰਵਿੰਦਰ ਅਤੇ ਪ੍ਰਭਾਤ ਨੂੰ ਰਿਹਾਸਤ ਵਿੱਚ ਵੀ ਲੈ ਲਿਆ ਹੈ।

ਨਗਰ ਨਿਗਮ ਜ਼ੋਨ ਡੀ ਹਲਕਾ ਪੱਛਮੀ ਖੇਤਰ ਵਿੱਚ ਪੈਂਦਾ ਹੈ ਅਤੇ ਉੱਥੇ ਚੋਣ ਜ਼ਾਬਤਾ ਲਾਗੂ ਹੈ। ਨਗਰ ਨਿਗਮ ਦੇ ਕੁਝ ਕੱਚੇ ਮੁਲਾਜ਼ਮ ਪਿਛਲੇ ਕੁਝ ਸਮੇਂ ਤੋਂ ਨਿਗਮ ਅਤੇ ਨਿਗਮ ਕਮਿਸ਼ਨਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੱਕੀ ਨੌਕਰੀ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਵਾਲੇ ਵਿੱਕੀ ਸਹੋਤਾ ਨੇ ਕਿਹਾ ਕਿ ਅੱਜ ਉਹ ਨਗਰ ਨਿਗਮ ਕਮਿਸ਼ਨਰ ਵਿਰੁੱਧ ਪ੍ਰਦਰਸ਼ਨ ਕਰਨ ਆਏ ਸਨ। ਇਹ ਵਿਰੋਧ ਪ੍ਰਦਰਸ਼ਨ ਪਿਛਲੇ 72 ਘੰਟਿਆਂ ਤੋਂ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਸੀ। ਇਸ ਲਈ ਅਲਟੀਮੇਟਮ ਵੀ ਦਿੱਤਾ ਗਿਆ ਸੀ ਕਿ ਉਹ ਨਗਰ ਨਿਗਮ ਜ਼ੋਨ ਡੀ ਘੇਰਨਗੇ। ਵਿੱਕੀ ਸਹੋਤਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਬਹੁਤ ਸਾਰੇ ਮੁਲਾਜ਼ਮ ਪੱਕਾ ਹੋਣ ਦੀ ਉਮੀਦ ਵਿੱਚ ਉਮਰਦਰਾਜ ਹੋ ਗਏ ਹਨ। ਪਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ। ਸਹੋਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕੱਚੇ ਮੁਲਾਜ਼ਮ ਜ਼ੋਨ-ਡੀ ਦਫ਼ਤਰ ਦੇ ਹੇਠਾਂ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਉਹ ਸ਼ਾਂਤੀਪੂਰਵਕ ਵਿਰੋਧ ਕਰਦੇ ਤਾਂ ਠੀਕ ਹੁੰਦਾ, ਪਰ ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ, ਜੋ ਕਿ ਬਿਲਕੁਲ ਗਲਤ ਹੈ। ਚੋਣ ਜ਼ਾਬਤਾ ਲਾਗੂ ਹੈ, ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਸਰਕਾਰੀ ਕਰਮਚਾਰੀਆਂ ਨਾਲ ਧੱਕਾ ਮੁਕੀ ਕੀਤੀ ਗਈ।

ਉਧਰ, ਥਾਣਾ ਡਿਵੀਜ਼ਨ 5 ਦੇ ਐਸਐਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਦੇ ਨਾਮ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement