ਲੱਕੜ ਪੁਲ ਦੀ ਮੁਰੰਮਤ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ
ਪੁਲ ’ਤੇ ਦੋਵੇਂ ਪਾਸੇ ਸਡ਼ਕ ਬੰਦ ਹੋਣ ਕਾਰਨ ਬਦਲਵੇਂ ਰਸਤਿਅਾਂ ਰਾਹੀਂ ਲੋਕ ਮੰਜ਼ਿਲਾਂ ਤੱਕ ਪੁੱਜੇ; ਦਮੋਰੀਆ ਪੁਲ ’ਤੇ ਟਰੈਫਿਕ ਵਧੀ
Advertisement
ਸਨਅਤੀ ਸ਼ਹਿਰ ਦੇ ਸ਼ਹਿਰ ਦਾ ਦਿਲ ਮੰਨੇ ਜਾਂਦੇ ਲੱਕੜ ਪੁਲ ਦੀ ਸੜਕ ਮੁਰੰਮ ਕਾਰਨ ਸ਼ਹਿਰ ਵਾਸੀਆਂ ਦੀ ਮੁਸ਼ਕਿਲਾਂ ਵਧ ਗਈਆਂ ਹਨ। ਲੱਕੜ ਪੁਲ ਤੋਂ ਆਉਣ-ਜਾਣ ਵਾਲੀਆਂ ਦੋਵੇਂ ਸੜਕਾਂ ਬੰਦ ਹਨ, ਜਿਸ ਕਰਕੇ ਇੱਥੋਂ ਲੰਘਣ ਵਾਲੇ ਸਾਰੇ ਟਰੈਫਿਕ ਨੂੰ ਪੁਲੀਸ ਨੇ ਦਮੋਰੀਆ ਪੁਲ ਵੱਲ ਡਾਈਵਰਟ ਕੀਤਾ ਹੈ। ਮੰਗਲਵਾਰ ਨੂੰ ਕਾਫ਼ੀ ਸਮਾਂ ਰਾਹਗੀਰ ਟਰੈਫਿਕ ਜਾਮ ਵਿੱਚ ਹੀ ਫਸੇ ਰਹੇ। ਜਾਮ ਕਾਰਨ ਸ਼ਹਿਰ ਦੇ ਲੋਕ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਇਸ ਦੇ ਨਾਲ ਹੀ ਨਗਰ ਕੀਰਤਨ ਦਾ ਰੂਟ ਵੀ ਘੰਟਾ ਘਰ ਵਾਲੇ ਪਾਸੇ ਹੋਣ ਕਾਰਨ ਵੀ ਟਰੈਫਿਕ ’ਚ ਕਾਫੀ ਵਿਘਨ ਪਿਆ। ਦਰਅਸਲ, ਪੁਰਾਣੇ ਸ਼ਹਿਰ ਨੂੰ ਸ਼ਹਿਰ ਦੇ ਦੂਜੇ ਇਲਾਕਿਆਂ ਨਾਲ ਜੋੜਨ ਵਾਲਾ ਲੱਕੜ ਪੁਲ ਪਿਛਲੇ ਦੋ ਤਿੰਨ ਦਿਨ ਤੋਂ ਬੰਦ ਹੈ। ਇਸ ਪੁਲ ’ਤੇ ਸੜਕਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਮੰਗਲਵਾਰ ਨੂੰ ਸੜਕ ਬਣਾਉਣ ਵਾਲੀ ਕੰਪਨੀ ਨੇ ਲੱਕੜ ਪੁਲ ਦੀਆਂ ਦੋਵੇ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ। ਇਸ ਕਰਕੇ ਸਾਰਾ ਟਰੈਫਿਕ ਦਾ ਬੋਝ ਦਮੋਰੀਆ ਪੁਲ ਵਾਲੀ ਸੜਕ ’ਤੇ ਪੈ ਗਿਆ। ਰੋਜ਼ਾਨਾ ਇਸ ਸੜਕ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਨਿਕਲਦੇ ਹਨ, ਜਿਸ ਕਰਕੇ ਉਸ ਰੂਟ ’ਤੇ ਟਰੈਫਿਕ ਜਾਮ ਲੱਗ ਗਿਆ। ਦੂਜਾ ਘੰਟਾ ਘਰ ਰੋਡ ’ਤੇ ਨਗਰ ਕੀਰਤਨ ਨਿਕਲਣ ਕਾਰਨ ਉਹ ਟਰੈਫਿਕ ਵੀ ਇਸ ਰੂਟ ’ਤੇ ਆ ਗਿਆ। ਇਸ ਕਰਕੇ ਇੱਥੇ ਕਾਫ਼ੀ ਸਮਾਂ ਟਰੈਫਿਕ ਜਾਮ ਲੱਗਿਆ ਰਿਹਾ। ਲੋਕ ਕਿਲੋਮੀਟਰ ਦੇ ਸਫ਼ਰ ਲਈ 15 ਤੋਂ 25 ਮਿੰਟ ਤੱਕ ਟਰੈਫਿਕ ਜਾਮ ਵਿੱਚ ਫਸੇ ਰਹੇ। ਦਮੋਰੀਆ ਪੁੱਲ ਵਿੱਚ ਟਰੈਫਿਕ ਜਾਮ ਵਿੱਚ ਫਸੇ ਸ਼ਿਵਮ ਸ਼ਰਮਾ ਨੇ ਦੱਸਿਆ ਕਿ ਲੱਕੜ ਪੁਲ ਦੀ ਉਸਾਰੀ ਕਾਰਨ ਇਸ ਰੂਟ ’ਤੇ ਕਾਫ਼ੀ ਜ਼ਿਆਦਾ ਟਰੈਫਿਕ ਜਾਮ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਟਰੈਫਿਕ ਜਾਮ ਨੂੰ ਖੁੱਲ੍ਹਵਾਉਣ ਲਈ ਇੱਕ ਵੀ ਪੁਲੀਸ ਮੁਲਾਜ਼ਮ ਮੌਜੂਦ ਨਹੀਂ ਸੀ। ਇਸ ਕਰਕੇ ਲੋਕ ਆਪਸ ਵਿੱਚ ਹੀ ਉਲਝਦੇ ਰਹੇ। ਦੁਕਾਨਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਦਮੋਰੀਆ ਪੁਲ ਬੰਦ ਹੋਣ ਕਾਰਨ ਉਹ ਪਰੇਸ਼ਾਨ ਸਨ, ਹੁਣ ਸਾਰਾ ਦਿਨ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ। ਇਸ ਕਰਕੇ ਸਾਰਾ ਕੰਮਕਾਜ ਠੱਪ ਹੈ। ਲੋਕ ਸੜਕ ’ਤੇ ਵਾਹਨ ਨਹੀਂ ਖੜ੍ਹਾ ਕਰ ਸਕਦੇ, ਜਿਸ ਕਰਕੇ ਕੰਮਕਾਜ ਬਿਲਕੁੱਲ ਬੰਦ ਹੋ ਗਿਆ ਹੈ।
Advertisement
Advertisement
