ਗੁੰਡਾ ਗਰੋਹ ਤੇ ਸ਼ਰਾਬ ਮਾਫ਼ੀਆ ਖ਼ਿਲਾਫ਼ ਸੀਟੂ ਵੱਲੋਂ ਸੱਤਿਆਗ੍ਰਹਿ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਵੱਲੋਂ ਹਥਿਆਰਬੰਦ ਗੁੰਡਾ ਗਰੋਹ ਅਤੇ ਸ਼ਰਾਬ ਮਾਫ਼ੀਆ ਨੂੰ ਪੁਲੀਸ ਅਤੇ ਰਾਜਨੀਤਿਕ ਆਗੂਆਂ ਦੇ ਥਾਪੜੇ ਵਿਰੁੱਧ ਅੱਖਾਂ ਉਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਡੀ.ਐੱਸ.ਪੀ ਦਫ਼ਤਰ ਰਾਏਕੋਟ ਸਾਹਮਣੇ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ।
ਪ੍ਰਦਰਸ਼ਨਕਾਰੀ ਸੀਟੂ ਕਾਰਕੁਨਾਂ ਨੇ ਡੀ.ਐੱਸ.ਪੀ ਦਫ਼ਤਰ ਤੋਂ ਮੋਟਰਸਾਈਕਲ ਮਾਰਚ ਕਰਦਿਆਂ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਸ਼ਹਿਰ ਦੇ ਮੁੱਖ ਸ. ਹਰੀ ਸਿੰਘ ਨਲੂਆ ਚੌਕ ਵਿੱਚ ਸਮਾਪਤੀ ਕੀਤੀ। ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਕਿਹਾ ਕਿ ਸੱਤਾਧਾਰੀ ਧਿਰ ਦੀ ਸ਼ਹਿ ਉੱਪਰ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਦੀ ਪੁਲੀਸ ਹਥਿਆਰਬੰਦ ਗੁੰਡਾ ਗਰੋਹ ਅਤੇ ਸ਼ਰਾਬ ਮਾਫ਼ੀਆ ਦੇ ਸਾਹਮਣੇ ਬੇਬਸ ਅਤੇ ਲਾਚਾਰ ਦਿਖਾਈ ਦੇ ਰਹੀ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਇਲਾਕੇ ਵਿੱਚ ਨਕਲੀ ਅਤੇ ਦੂਜੇ ਰਾਜਾਂ ਦੀ ਨਜਾਇਜ਼ ਸ਼ਰਾਬ ਸ਼ਰੇਆਮ ਵਿਕਦੀ ਹੈ, ਪਰ ਪੁਲੀਸ ਅਧਿਕਾਰੀਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਅਤੇ ਹਥਿਆਰਬੰਦ ਗੁੰਡਾ ਗਰੋਹ ਦੀਆਂ ਸਰਗਰਮੀਆਂ ਕਾਰਨ ਲੋਕ ਭੈਭੀਤ ਹਨ।
ਸੀਟੂ ਆਗੂਆਂ ਨੇ ਕਿਹਾ ਕਿ ਹਥਿਆਰਬੰਦ ਗੁੰਡਾ ਗਰੋਹ ਅਤੇ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਦੀ ਮੰਗ ਲਈ ਪਿੰਡਾਂ ਵਿੱਚ ਸਰਕਾਰ ਅਤੇ ਪੁਲੀਸ ਦੇ ਪੁਤਲੇ ਫੂਕੇ ਜਾਣਗੇ ਅਤੇ ਜ਼ੋਰਦਾਰ ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੂੰ ਜੜ੍ਹੋਂ ਪੁੱਟੇ ਜਾਣ ਲਈ ਇਹ ਸੱਤਿਆਗ੍ਰਹਿ ਲਗਾਤਾਰ ਜਾਰੀ ਰਹੇਗਾ। ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਨਕਲੀ ਅਤੇ ਨਜਾਇਜ਼ ਸ਼ਰਾਬ ਨੇ ਗ਼ਰੀਬ ਲੋਕਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਰਹੀ ਹੈ ਅਤੇ ਇਸ ਦਾ ਸ਼ਿਕਾਰ ਲੋਕ ਡਰ ਦੇ ਮਾਰੇ ਪੁਲੀਸ ਕੋਲ ਸ਼ਿਕਾਇਤ ਵੀ ਨਹੀਂ ਕਰਦੇ। ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਲੋਕਾਂ ਦੀਆਂ ਹਿੱਸੇਦਾਰੀਆਂ ਕਾਰਨ ਪੁਲੀਸ ਮੂਕ ਦਰਸ਼ਕ ਬਣੀ ਹੋਈ ਹੈ। ਇਸ ਮੌਕੇ ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ, ਚਮਕੌਰ ਸਿੰਘ ਨੂਰਪੁਰਾ, ਕਰਨੈਲ ਸਿੰਘ ਦੱਧਾਹੂਰ, ਕਰਨੈਲ ਸਿੰਘ ਬੱਸੀਆਂ, ਪ੍ਰਿਤਪਾਲ ਸਿੰਘ ਬਿੱਟਾ, ਰੁਲਦਾ ਸਿੰਘ ਗੋਬਿੰਦਗੜ੍ਹ, ਭਗਵੰਤ ਸਿੰਘ ਬੁਰਜ ਹਕੀਮਾਂ ਅਤੇ ਪਰਮਜੀਤ ਕੌਰ ਤੋਂ ਇਲਾਵਾ ਹੋਰ ਆਗੂ ਸ਼ਾਮਲ ਸਨ।