ਕੈਂਪ ਦੌਰਾਨ ਸਿੱਖੀਆਂ ਕਲਾਵਾਂ ਦਾ ਬੱਚਿਆਂ ਵੱਲੋਂ ਮੰਚ ’ਤੇ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧਲੁਧਿਆਣਾ, 19 ਜੂਨ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਦੇ ਬਾਨੀ ਪ੍ਰਧਾਨ ਮਰਹੂਮ ਲੈਫ ਕਰਨਲ ਜਗਦੀਸ਼ ਸਿੰਘ ਬਰਾੜ ਨੂੰ ਸਮਰਪਿਤ ਬਾਲ ਸਿਰਜਣਾਤਮਕ ਕੈਂਪ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ, ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਸੰਪਨ ਹੋ ਗਿਆ। ਅਖੀਰਲੇ ਦਿਨ ਸ਼ਾਮ ਨੂੰ ਬੱਚਿਆਂ ਨੇ ਇਸ ਕੈਂਪ ਦੌਰਾਨ ਸਿੱਖੀ ਕਲਾ ਦਾ ਯਾਦਗਾਰ ਦੇ ਮੰਚ ਤੇ ਸੈਂਕੜੇ ਦਰਸ਼ਕਾਂ-ਮਾਪਿਆਂ ਸਾਹਮਣੇ ਪ੍ਰਦਰਸ਼ਨ ਕੀਤ। ਬੱਚਿਆਂ ਵੱਲੋਂ ਬਣਾਈ ਗਈ ਪੇਂਟਿੰਗਜ਼ ਅਤੇ ਤਿਆਰ ਕੀਤੇ ਮਿੱਟੀ ਦੇ ਖਿਡੌਣਿਆਂ ਦੀ ਪ੍ਰਦਰਸ਼ਨੀ ਲਗਾਈ ਗਈ । ਪ੍ਰੋਗਰਾਮ ਦੀ ਸ਼ੁਰੂਆਤ ਮਹਾ ਸਭਾ ਦੇ ਪ੍ਰਧਾਨ ਬਾਬਾ ਬਲਕੌਰ ਸਿੰਘ ਗਿੱਲ ਦੇ ਭਾਸ਼ਣ ਨਾਲ ਹੋਈ।
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਨੇ ਦੱਸਿਆ ਕਿ ਇਸ ਕੈਂਪ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਲਗਾਇਆ ਗਿਆ ਸੀ, ਜਿਸ ਵਿੱਚ ਬੱਚਿਆਂ ਨੇ ਨਾਟਕ, ਕੋਰਿਓਗ੍ਰਾਫੀ, ਕਵਿਤਾ/ਗੀਤ ਗਾਇਨ, ਸੁੰਦਰ ਲਿਖਾਈ, ਮਿੱਟੀ ਦੇ ਖਿਡੌਣੇ ਬਣਾਉਣ, ਭੰਗੜਾ ਅਤੇ ਵਿਗਿਆਨਕ ਚੇਤਨਾ ਬਾਰੇ ਸਿਖਲਾਈ ਪ੍ਰਾਪਤ ਕੀਤੀ। ਮਾਂ ਬੋਲੀ ਦੀ ਮਹੱਤਤਾ, ਦੇਸ਼ ਭਗਤੀ ਅਤੇ ਯੁੱਧ ਦੇ ਲੋਕਾਂ ਤੇ ਪੈਂਦੇ ਮਾੜੇ ਪ੍ਰਭਾਵਾਂ ਨੂੰ ਵਿਖਾਉਂਦਿਆਂ ਕੋਰਿਓਗ੍ਰਾਫੀ ਅਤੇ ਨਾਟਕ ਕੀਤਾ ਗਿਆ। ਬੱਚਿਆਂ ਨੂੰ ਜਾਤ-ਪਾਤ, ਰੰਗ, ਧਰਮ, ਨਸਲ ਆਦਿ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਚੰਗੇ ਸਮਾਜ ਲਈ ਸਾਂਝੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਪੌਸ਼ਟਿਕ ਭੋਜਨ ਖਾਣ ਅਤੇ ਬਾਜ਼ਾਰੂ ਭੋਜਨ-ਨੂਡਲ, ਬਰਗਰ, ਪੀਜ਼ਾ ਅਤੇ ਮੋਬਾਇਲ ਦੀ ਵਰਤੋਂ ਤੋਂ ਦੂਰ ਰਹਿ ਕੇ ਹੋਰ ਰਵਾਇਤੀ ਖੇਡਾਂ ਖੇਡਣ ਲਈ ਪ੍ਰੇਰਿਆ ਗਿਆ। ਅਖੀਰਲੇ ਦਿਨ ਬੱਚਿਆਂ ਨੇ ਆਪਣੇ ਮਾਪਿਆਂ ਸਾਹਮਣੇ ਕੈਂਪ ਦੌਰਾਨ ਸਿੱਖੀ ਕਲਾ ਦਾ ਅਤੇ ਆਪਣੇ ਤਜਰਬੇ ਮੰਚ ਤੋਂ ਸਾਂਝੇ ਕੀਤੇ।
ਇਸ ਦੌਰਾਨ ਸ਼ਮਸ਼ੇਰ ਨੂਰਪੁਰੀ, ਗੁਰਇਕਬਾਲ ਸਿੰਘ ਅਤੇ ਜਸਲੀਨ ਦਾ ਨੌਜਵਾਨ ਸਭਾ ਅਤੇ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ । ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਆਗੂ ਕਸਤੂਰੀ ਲਾਲ, ਤਰਕਸ਼ੀਲ ਆਗੂ ਬਲਵਿੰਦਰ ਲਾਲਬਾਗ, ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਹਰਬੰਸ ਗਰੇਵਾਲ, ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਆਗੂ ਜਸਵੀਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਅਖੀਰ ਵਿੱਚ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਕਿਤਾਬਾਂ ਵੰਡ ਕੇ ਸਨਮਾਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪ੍ਰਤਾਪ ਸਿੰਘ, ਮੀਨੂੰ ਸ਼ਰਮਾ, ਤਜਿੰਦਰ ਕੁਮਾਰ, ਕੁਲਵਿੰਦਰ ਸਿੰਘ, ਮਹੇਸ਼ ਕੁਮਾਰ, ਗੁਰਰੀਤ, ਨੀਲ, ਮਾਨ ਸਿੰਘ, ਸੰਦੀਪ ਕੌਰ ਆਦਿ ਨੇ ਹਾਜ਼ਰ ਰਹਿ ਕੇ ਪ੍ਰੋਗਰਾਮ ਦੌਰਾਨ ਵਾਲੰਟੀਅਰ ਡਿਊਟੀਆਂ ਨਿਭਾਈਆਂ।
