ਮੁੱਖ ਮੰਤਰੀ ’ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਝੂਠ ਪ੍ਰਚਾਰਨ ਦਾ ਦੋਸ਼
ਸ਼ਹੀਦ ਭਗਤ ਸਿੰਘ ਕਲੱਬ ਜਗਰਾਉਂ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਮੌਕੇ ਸ਼ਹੀਦ ਦੀ ਤਸਵੀਰ ਲਾ ਕੇ ਵੱਡਾ ਝੂਠਾ ਬੋਲਣ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।
ਕਲੱਬ ਦੇ ਆਗੂਆਂ ਨੇ ਕਿਹਾ ਕਿ ਲਗਪਗ ਹਰੇਕ ਅਖ਼ਬਾਰ ਅੰਦਰ ਅੱਜ ਪੂਰੇ ਸਫ਼ੇ ਦੇ ਇਸ਼ਤਿਹਾਰ ਪੰਜਾਬ ਸਰਕਾਰ ਨੇ ਛਪਵਾਏ ਜਿਸ ਵਿੱਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਹੇਠਾਂ ਹੋਰਨਾਂ ਪ੍ਰਾਪਤੀਆਂ ਦੇ ਨਾਲ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਦਾ ਵੀ ਦਾਅਵਾ ਕੀਤਾ ਗਿਆ ਹੈ ਪਰ ਸੱਚਾਈ ਇਹ ਹੈ ਕਿ ਹਾਲੇ ਸਿਰਫ਼ ਦੋ ਜ਼ਿਲ੍ਹਿਆਂ ਤਰਨ ਤਾਰਨ ਅਤੇ ਬਰਨਾਲਾ ਵਿੱਚ ਹੀ ਇਸ ਦੀ ਰਜਿਸਟਰੇਸ਼ਨ ਸ਼ੁਰੂ ਹੋਈ ਹੈ। ਇਸ ਯੋਜਨਾ ਨੂੰ ਦੋ ਅਕਤੂਬਰ ਤੋਂ ਸ਼ੁਰੂ ਕਰਨ ਦੀ ਤਾਰੀਕ ਵੀ ਵਧਾ ਕੇ ਦਸੰਬਰ ਕਰ ਦਿੱਤੀ ਗਈ ਹੈ ਤੇ ਇਸ ਲਈ ਹਾਲੇ ਨਾ ਕੋਈ ਟੈਂਡਰ ਹੋਇਆ ਹੈ, ਨਾ ਕੋਈ ਕੰਪਨੀ ਅੱਗੇ ਆਈ ਹੈ।
ਕਲੱਬ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਸ਼ਰਧਾਂਜਲੀ ਭੇਟ ਕਰਨ ਸਮੇਂ ਆਖਿਆ ਕਿ 'ਆਪ' ਅਤੇ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਂ ਦੀ ਬਹੁਤ ਵਰਤੋਂ ਕਰ ਲਈ ਜੇਕਰ ਭਵਿੱਖ ਵਿੱਚ ਵੀ ਸ਼ਹੀਦ ਦਾ ਨਾਂ ਵਰਤ ਕੇ ਝੂਠ ਪ੍ਰਚਾਰ ਤੋਂ ਬਾਜ਼ ਨਾ ਆਏ ਤਾਂ ਵਿਰੋਧ ਕੀਤਾ ਜਾਵੇਗਾ। ਕਾਮਰੇਡ ਰਾਜੂ ਨੇ ਆਖਿਆ ਕਿ ਅੱਜ ਧੀ ਦਿਵਸ ਵੀ ਹੈ ਤੇ ਜੇਕਰ ਮੁੱਖ ਮੰਤਰੀ ਸੱਚੇ ਤੇ ਗੰਭੀਰ ਹੁੰਦੇ ਤਾਂ ਇਸ ਸ਼ੁੱਭ ਦਿਹਾੜੇ ਪੰਜਾਬ ਦੀਆਂ ਧੀਆਂ ਲਈ ਇਕ-ਇਕ ਹਜ਼ਾਰ ਰੁਪਏ ਦੇਣ ਦੀ ਸਕੀਮ ਸ਼ੁਰੂ ਕਰਕੇ ਆਪਣਾ ਵਾਅਦਾ ਪੂਰਾ ਕਰਦੇ। ਕਲੱਬ ਵਲੋਂ ਇਸ ਮੌਕੇ ਹਰ ਸਾਲ ਵਾਂਗ ਸਥਾਨਕ ਝਾਂਸੀ ਰਾਣੀ ਚੌਕ ਵਿਖੇ ਲੰਗਰ ਵੀ ਲਾਇਆ ਗਿਆ ਜਿੱਥੇ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਨੇ ਪ੍ਰਸ਼ਾਦਾ ਛਕਿਆ। ਸਮਾਗਮ ਦੌਰਾਨ ਨਗਰ ਕੌਸਲ ਪ੍ਰਧਾਨ ਜਤਿੰਦਰਪਾਲ ਰਾਣਾ, ਦਮਨਦੀਪ ਸ਼ਰਮਾ ਲੁਧਿਆਣਾ, ਪ੍ਰਿਸੀਪਲ ਸੁਖਨੰਦਨ ਗੁਪਤਾ, ਵਿੱਕੀ ਟੰਡਨ, ਵਿਨੋਦ ਦੂਆ, ਡਾ. ਭੂਸ਼ਣ ਸਿੰਗਲਾ, ਡਾ. ਦੀਮਾਂਸ਼ੂ ਗੁਪਤਾ, ਗਾਇਕ ਹਰਦੀਪ ਜੱਸੀ, ਕੌਂਸਲਰ ਬੌਬੀ ਕਪੂਰ, ਕੌਂਸਲਰ ਮੇਸ਼ੀ ਸਹੋਤਾ, ਸੰਜੂ ਕੱਕੜ, ਭੁਪਿੰਦਰ ਸਿੰਘ ਬੱਬਲੂ, ਲਖਵੀਰ ਸ਼ਰਮਾ, ਅਵਤਾਰ ਸਿੰਘ ਤਾਰੀ, ਅਸ਼ਵਨੀ ਬੱਲੂ, ਗੋਰਾ ਸਰਪੰਚ ਆਦਿ ਨੇ ਸ਼ਹੀਦ ਦੀ ਤਸਵੀਰ 'ਤੇ ਫੁੱਲ ਪੱਤੀਆਂ ਅਰਪਣ ਕਰਕੇ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਤੇ ਸੁਪਨਿਆਂ ਦੇ ਉਲਟ ਅੱਜ ਵੀ ਜਾਤਪਾਤ, ਭੇਦਭਾਵ, ਜਾਤੀਵਾਦ, ਭ੍ਰਿਸ਼ਟਾਚਾਰ, ਨਾਇਨਸਾਫ਼ੀ, ਗਰੀਬੀ, ਲੁੱਟ-ਖਸੁੱਟ ਦਾ ਦੇਸ਼ ਅੰਦਰ ਬੋਲਬਾਲਾ।