ਛੱਠ ਪੂਜਾ: ਰੇਲਵੇ ਸਟੇਸ਼ਨ ’ਤੇ ਪੈਰ ਰੱਖਣ ਨੂੰ ਨਹੀਂ ਥਾਂ
ਚਾਰ ਦਿਨਾ ਛੱਠ ਪੂਜਾ ਦਾ ਤਿਉਹਾਰ ਮਨਾਉਣ ਲਈ ਆਪੋ-ਆਪਣੇ ਪਿੰਡਾਂ ਨੂੰ ਜਾ ਰਹੇ ਪਰਵਾਸੀ ਪਰਿਵਾਰਾਂ ਕਰ ਕੇ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਭੀੜ ਇੰਨੀ ਵਧ ਗਈ ਹੈ ਕਿ ਲੋਕਾਂ ਨੂੰ ਪੈਰ ਰੱਖਣ ਲਈ ਥਾਂ ਨਹੀਂ ਮਿਲ ਰਹੀ। ਲੋਕਾਂ ਦੀ ਸਹੂਲਤ ਲਈ ਭਾਵੇਂ ਰੇਲਵੇ ਵਿਭਾਗ ਵੱਲੋਂ ਸਪੈਸ਼ਲ ਰੇਲ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਸੀਟ ਬੁਕਿੰਗ ਕਰਵਾਉਣ ਵਾਲਿਆਂ ਨੂੰ ਵੀ ਰੇਲਾਂ ਵਿੱਚ ਥਾਂ ਨਹੀਂ ਮਿਲ ਰਹੀ। ਪੰਜਾਬ ਵਿੱਚ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵੱਲੋਂ ਛੱਠ ਪੂਜਾ ਸਮਾਗਮ ਕਰਵਾਉਣੇ ਸ਼ੁਰੂ ਕੀਤੇ ਹਨ ਪਰ ਅਸਲ ਵਿੱਚ ਇਹ ਤਿਉਹਾਰ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਪੂਰਬ ਉੱਤਰ ਪ੍ਰਦੇਸ਼, ਨੇਪਾਲ ਆਦਿ ਥਾਵਾਂ ’ਤੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਮੌਕੇ ਸੂਰਜ ਦੇਵਤਾ ਅਤੇ ਛੱਠ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਚੜ੍ਹਦੇ ਅਤੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਲੁਧਿਆਣਾ ਵਿੱਚ ਸਨਅਤੀ ਇਕਾਈਆਂ ਵੱਧ ਹੋਣ ਕਰਕੇ ਦੂਜੇ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਕੰਮ ਕਰਨ ਆਉਂਦੇ ਹਨ। ਇਸ ਤਿਉਹਾਰ ਨੂੰ ਆਪਣੇ ਪਿੱਤਰੀ ਪਿੰਡਾਂ ਵਿੱਚ ਮਨਾਉਣ ਲਈ ਅੱਜ ਕੱਲ੍ਹ ਉਨ੍ਹਾਂ ਵੱਲੋਂ ਰੇਲਵੇ ਸਟੇਸ਼ਨਾਂ ਵੱਲ ਰੁਖ ਕੀਤਾ ਹੋਇਆ ਹੈ। ਇਹੋ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਪੈਰ ਰੱਖਣ ਨੂੰ ਥਾਂ ਨਹੀਂ ਮਿਲ ਰਹੀ। ਭੀੜ ਇੰਨੀ ਜ਼ਿਆਦਾ ਹੈ ਕਿ ਜਿਹੜੇ ਲੋਕਾਂ ਨੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਸੀਟਾਂ ਬੁੱਕ ਕਰਵਾਈਆਂ ਹੋਈਆਂ ਹਨ, ਉਨ੍ਹਾਂ ਨੂੰ ਵੀ ਬੈਠਣ ਲਈ ਸੀਟ ਨਹੀਂ ਮਿਲ ਰਹੀ। ਜਾਣਕਾਰੀ ਅਨੁਸਾਰ ਰੇਲ ਗੱਡੀਆਂ ਵਿੱਚ ਵਧੀ ਭੀੜ ਨੂੰ ਦੇਖਦਿਆਂ ਰੇਲਵੇ ਵਿਭਾਗ ਨੇ 05050, 05733, 14628 ਨੰਬਰ ਦੀਆਂ ਸਪੈਸ਼ਲ ਗੱਡੀਆਂ ਸ਼ੁਰੂ ਕੀਤੀਆਂ ਹਨ। ਇਹ ਗੱਡੀਆਂ ਵੀ ਮਿੱਥੇ ਹੋਏ ਸਮੇਂ ਤੋਂ ਦੇਰੀ ਨਾਲ ਚੱਲਣ ਕਰਕੇ ਭੀੜ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਜਨਰਲ ਰੇਲ ਗੱਡੀਆਂ ’ਚ 14674, 14650, 14618 ਆਦਿ ਨੰਬਰ ਵਾਲੀਆਂ ਗੱਡੀਆਂ ਇਸ ਰੂਟ ’ਤੇ ਚੱਲ ਰਹੀਆਂ ਹਨ।
