ਬਰਸਾਤ ਕਾਰਨ ਫਿੱਕਾ ਰਿਹਾ ਛਪਾਰ ਦਾ ਮੇਲਾ
ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਭਾਵੇਂ ਬਰਸਾਤ ਕਾਰਨ ਇਸ ਵਾਰ ਫਿੱਕਾ ਰਹਿ ਗਿਆ ਪਰ ਮੇਲੇ ਦੇ ਪੰਜਵੇਂ ਦਿਨ ਅੱਜ ਤੇਜ਼ ਧੁੱਪ ਨਿਕਲਣ ਨਾਲ ਦੁਕਾਨਦਾਰਾਂ ਅਤੇ ਮੇਲੀਆਂ ਦੀ ਰੌਣਕ ਦੇਖਣ ਨੂੰ ਮਿਲੀ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਛਪਾਰ ਗੁੱਗਾ ਮਾੜੀ ’ਤੇ ਮੱਥਾ ਟੇਕਿਆ ਅਤੇ ਚੰਡੋਲ, ਕਿਸ਼ਤੀਆਂ ਤੇ ਹੋਰ ਝੂਲਿਆਂ ਦਾ ਆਨੰਦ ਮਾਣਿਆ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਲੇ ਵਿੱਚ ਕਿਸ਼ਤੀ ਟੁੱਟਣ ਦੀਆਂ ਅਫਵਾਹਾਂ ਫੈਲਾਈਆਂ ਗਈਆਂ, ਜਿਸ ’ਤੇ ਨਾਇਬ ਤਹਿਸੀਲਦਾਰ ਕਿਰਨਦੀਪ ਕੌਰ ਅਤੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਮੇਲੇ ਵਿੱਚ ਮੌਕੇ ਦਾ ਜਾਇਜ਼ਾ ਲਿਆ ਤੇ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਦੁਕਾਨਦਾਰ ਬਲਵੀਰ ਸਿੰਘ, ਕੁਲਵੰਤ ਸਿੰਘ ਅਤੇ ਜਗਦੀਸ਼ ਸਿੰਘ ਨੇ ਆਖਿਆ ਕਿ ਅੱਜ ਤੇਜ਼ ਧੁੱਪ ਨਿਕਲਣ ਨਾਲ ਮੇਲੇ ਵਿੱਚ ਦੁਬਾਰਾ ਰੌਣਕ ਪਰਤਣੀ ਸ਼ੁਰੂ ਹੋਈ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਗ੍ਰਾਹਕਾਂ ਦੇ ਆਉਣ ਦੀ ਆਸ ਬੱਝੀ ਹੈ। ਉਨ੍ਹਾਂ ਆਖਿਆ ਕਿ ਇਸ ਵਾਰ ਮਹਿੰਗੇ ਭਾਅ ਨਾਲ ਖਰੀਦੀ ਜਗ੍ਹਾ ਕਾਰਨ ਕੁਝ ਬਚਣਾ ਤਾਂ ਦੂਰ ਦੀ ਗੱਲ ਹੈ ਪੈਸੇ ਪੂਰੇ ਕਰ ਸਕਾਂਗੇ ਜਾਂ ਨਹੀਂ ਇਹ ਸਭ ਮੌਸਮ ’ਤੇ ਨਿਰਭਰ ਕਰਦਾ ਹੈ। ਸਮੂਹ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੇਲੇ ਨੂੰ ਐਤਵਾਰ ਤੱਕ ਚਲਦਾ ਰਹਿਣ ਦਾ ਸਮਾਂ ਮੰਗਿਆ ਹੈ।