ਲਗਾਤਾਰ ਪੈ ਰਹੇ ਮੀਂਹ ਕਾਰਨ ਚੰਡੀਗੜ੍ਹ ਤੇ ਰਾਹੋਂ ਰੋਡ ਦਾ ਬੁਰਾ ਹਾਲ
ਸਨਅਤੀ ਸ਼ਹਿਰ ਵਿੱਚ ਪਿਛਲੇ 24 ਘੰਟੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਤੋਂ ਬਾਅਦ ਸ਼ਹਿਰ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ। ਸ਼ਹਿਰ ਵਿੱਚ ਕਈ ਇਲਾਕੇ ਅਜਿਹੇ ਹਨ, ਜਿਥੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਕਈ ਕਈ ਫੁੱਟ ਪਾਣੀ ਖੜ੍ਹਾ ਹੋ ਗਿਆ। ਚੰਡੀਗੜ੍ਹ ਰੋਡ ਤੇ ਰਾਹੋਂ ਰੋਡ ਦਾ ਸਭ ਤੋਂ ਵੱਧ ਬੁਰਾ ਹਾਲ ਹੈ। ਦੋਵੇਂ ਰੋਡਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਥੇ ਨਹਿਰ ਵਰਗੇ ਹਾਲਾਤ ਹੋ ਗਏ ਹਨ। ਦੋਵੇਂ ਰੋਡਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟਰੈਫਿਕ ਵੀ ਜਾਮ ਰਿਹਾ ਜਿਸ ਕਾਰਨ ਲੋਕਾਂ ਨੂੰ ਪਾਣੀ ਤੇ ਟਰੈਫਿਕ ਦੋਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਇਆ। ਇਸੇ ਤਰ੍ਹਾਂ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਲੋਕ ਮੀਂਹ ਦੇ ਪਾਣੀ ਕਾਰਨ ਕਾਫ਼ੀ ਪਰੇਸ਼ਾਨੀ ਨਜ਼ਰ ਆਏ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਸ਼ਹਿਰ ਵਿੱਚ 30 ਐਮਐਮ ਮੀਂਹ ਦਰਜ ਕੀਤਾ ਗਿਆ। ਜਦਕਿ ਐਤਵਾਰ ਨੂੰ 41 ਐਮਐਮ ਮੀਂਹ ਪਿਆ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਮੀਂਹ ਪੈਣ ਦੇ ਆਸਾਰ ਹਨ।
ਸਨਅਤੀ ਸ਼ਹਿਰ ਵਿੱਚ ਐਤਵਾਰ ਦੁਪਹਿਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਹੈ ਜੋ ਲਗਾਤਾਰ ਪੈ ਰਿਹਾ ਹੈ। ਹਾਲਾਂਕਿ ਮੀਂਹ ਸਭ ਥਾਈਂ ਤੇਜ਼ ਨਹੀਂ ਪੈ ਰਿਹਾ ਪਰ ਕਈ ਥਾਈਂ ਭਾਰੀ ਮੀਂਹ ਦੀ ਵੀ ਖ਼ਬਰ ਮਿਲੀ ਹੈ ਜਿਸ ਕਾਰਨ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪਰੇਸ਼ਾਨੀ ਚੰਡੀਗੜ੍ਹ ਰੋਡ ਤੇ ਰਾਹੋਂ ਰੋਡ ’ਤੇ ਹੋਈ। ਚੰਡੀਗੜ੍ਹ ਰੋਡ ਦੇ ਬਿਲਕੁਲ ਵਿਚਾਲੇ ਸੀਵਰੇਜ਼ ੳਵਰਫੋਲ ਹੋ ਰਿਹਾ ਸੀ। ਜਿਸ ਕਾਰਨ ਉਥੇ ਕਾਫ਼ੀ ਪਾਣੀ ਸੜਕਾਂ ’ਤੇ ਆ ਗਿਆ। ਇਸੇ ਤਰ੍ਹਾਂ ਰਾਹੋਂ ਰੋਡ ’ਤੇ ਵੀ ਡੇਢ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ। ਦੋਵੇਂ ਹੀ ਇਲਾਕਿਆਂ ਵਿੱਚ ਕਾਫ਼ੀ ਆਵਾਜਾਈ ਹੈ, ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਥੇ ਕਾਫ਼ੀ ਜ਼ਿਆਦਾ ਪਾਣੀ ਖੜ੍ਹਾ ਹੋ ਗਿਆ ਤੇ ਲੋਕਾਂ ਨੂੰ ਲੰਘਣ ਵਿੱਚ ਕਾਫ਼ੀ ਮੁਸ਼ਕਲ ਆਈ।
ਇਸੇ ਤਰ੍ਹਾਂ ਬਸਤੀ ਜੋਧੇਵਾਲ, ਹੈਬੋਵਾਲ, ਮਾਡਲ ਟਾਉਣ, ਸ਼ਿਮਲਾਪੁਰੀ, ਜਨਤਾ ਨਗਰ, ਦਰੇਸੀ ਰੋਡ, ਗਿੱਲ ਰੋਡ ਵਰਗੇ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਦੇਰ ਸ਼ਾਮ ਨੂੰ ਹੋਈ। ਗਲੀਆਂ ਤੇ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕ ਪਰੇਸ਼ਾਨ ਹੁੰਦੇ ਰਹੇ।