ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿੱਚ ਅੱਜ ਸਮਰ ਕਰੈਸ਼ ਕੋਰਸ ਪੂਰਾ ਹੋਣ ’ਤੇ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬੌਲੀਵੁੱਡ ਸੰਗੀਤ, ਨ੍ਰਿਤ ਅਤੇ ਇੰਸਟਰੂਮੈਂਟ ਦੀਆਂ ਪੇਸ਼ਕਾਰੀਆਂ ਦਿੱਤੀਆਂ। ਸਮਾਗਮ ਵਿੱਚ ਏਸੀਏ ਗਲਾਡਾ ਡਾ. ਪ੍ਰਗਤੀ ਵਰਮਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਕਾਦਮੀ ਦੇ ਡਾਇਰੈਕਟਰ ਡਾ. ਚਰਨਕਮਲ ਸਿੰਘ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਇੰਸਟੀਚਿਊਟ ਵਿੱਚ ਕਰਵਾਏ ਜਾ ਰਹੇ ਕੋਰਸਾਂ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵਿੱਚ ਗਾਇਕੀ, ਨ੍ਰਿਤ ਅਤੇ ਹਰ ਤਰ੍ਹਾਂ ਦੇ ਸਾਜ ਵਜਾਉਣ ਦੀ ਸਿਖਲਾਈ ਅਤੇ ਆਡੀਓ-ਵੀਡੀਓ ਟੈਕਨੋਲੋਜੀ ਆਦਿ ਦੇ ਕੋਰਸ ਪਾਠਕ੍ਰਮ ਵਿਧੀ ਅਨੁਸਾਰ ਕਰਵਾਏ ਜਾਂਦੇ ਹਨ।
ਮੁੱਖ ਮਹਿਮਾਨ ਡਾ. ਪ੍ਰਗਤੀ ਵਰਮਾ ਨੇ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਦਿਆਰਥੀਆਂ ਵਿੱਚ ਕੋਮਲ ਕਲਾਵਾਂ ਉਜਾਗਰ ਕਰ ਰਿਹਾ ਹੈ ਜਿਸ ਨਾਲ ਭਵਿੱਖ ਦਾ ਸਮਾਜ ਇੱਕ-ਦੂਜੇ ਪ੍ਰਤੀ ਸੰਵੇਦਨਸ਼ੀਲ ਬਣਦਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਗਲਾਡਾ ਵੱਲੋਂ ਇੰਸਟੀਚਿਊਟ ਨੂੰ ਹਰ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ। ਸ੍ਰੀ ਸੈਖੋਂ ਨੇ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ, ਪੰਜਾਬ ਸਰਕਾਰ ਦਾ ਸੰਗੀਤ ਦੇ ਖੇਤਰ ਵਿੱਚ ਮਹੱਤਵਪੂਰਨ ਅਦਾਰਾ ਹੈ।
ਇਸ ਮੌਕੇ ਸ਼ਿਵਮ, ਸੂਰਜ, ਦਮਨੀਤ ਕੌਰ, ਪ੍ਰਥਮ, ਸਮੀਸ਼ਾ ਨੇ ਮਿੱਠਾ ਸੰਗੀਤ ਪੇਸ਼ ਕੀਤਾ। ਇੰਸਟੀਚਿਊਟ ਦੇ ਵਿਦਿਆਰਥੀਆਂ ਇਸ਼ਾਨੀ, ਨੇਜ਼ਲ, ਜਿਆਸ਼ੀ, ਜੈਸਮਾਇਰਾ ਅਤੇ ਰੋਸ਼ਨੀ ਨੇ ਵੱਲੋਂ ਭੰਗੜਾ ਅਤੇ ਕੱਥਕ ਦੀ ਪੇਸ਼ਕਾਰੀ ਨਾਲ ਸ੍ਰੋਤਿਆਂ ਦਾ ਮਨ ਮੋਹ ਲਿਆ। ਕੀ-ਬੋਰਡ ਦੀ ਪੇਸ਼ਕਾਰੀ ਅਥਰਵ, ਸਪਰਾ, ਨੀਜ਼ਲ, ਕਿਆਸ਼, ਡਰੰਮ ਦੀ ਪ੍ਰਸਤੁਤੀ ਤੇਜਪ੍ਰਤਾਪ, ਗੀਤਾਂਜ, ਗਿਟਾਰ ਦੀ ਪ੍ਰਸਤੁਤੀ ਤਵੀਸ਼ਾ, ਅਨਨਿਆ, ਜੈਸਿਕਾ, ਕਰਮਨ, ਗੁਰਸੀਰਤ, ਬਨਾਜ, ਪ੍ਰਥਮ ਅਤੇ ਜਸਕੀਰਤ ਨੇ ਪੇਸ਼ਕਾਰੀ ਕੀਤੀਆਂ।
ਕਰੈਸ਼ ਕੋਰਸ ਦੇ ਵਿਦਿਆਰਥੀਆਂ ਨੇ 15 ਦਿਨਾਂ ਲਈ ਸਿਖਲਾਈ ਪ੍ਰਾਪਤ ਕੀਤੀ ਤੇ ਪੇਸ਼ਕਾਰੀਆਂ ਦਿੱਤੀਆਂ। ਇਸ ਤੋਂ ਬਾਅਦ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ ਨੇ ਵੀ ਪੇਸ਼ਕਾਰੀਆਂ ਦਿੱਤੀਆਂ। ਇਸ ਪ੍ਰੋਗਰਾਮ ਦਾ ਇੰਸਟੀਚਿਊਟ ਦੀ ਡੀਨ ਮਿਸ ਪੂਜਾ ਅਤੇ ਨ੍ਰਿਤ ਅਧਿਆਪਕਾ ਸ਼ੀਤਲ ਸ਼ਰਮਾ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ।