ਗੁਰੂ ਅਮਰਦਾਸ ਦੇ ਗੁਰਿਆਈ ਦਿਵਸ ਸਬੰਧੀ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਮਾਰਚ
ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿੱਚ ਅੱਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਗਤ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਬਾਣੀ ਬਾਰੇ ਜਾਣਕਾਰੀ ਦਿੱਤੀ ਗਈ।
ਸਮਾਗਮ ਦੀ ਆਰੰਭਤਾ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੀ ਬਾਣੀ ਆਧਾਰਿਤ ਸ਼ਬਦ ਕੀਰਤਨ ਨਾਲ ਕੀਤੀ ਜਦਕਿ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਅਮੀਰ ਸਿੰਘ ਨੇ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਸਦੀਆਂ ਲੰਬੀ ਅਮਲੀ ਜਿੰਦਗੀ 'ਚ ਸੇਵਾ ਕਰ ਕੇ ਮਨੁੱਖਤਾ ਨੂੰ ਇਹ ਸਪੱਸ਼ਟ ਰੂਪ ’ਚ ਸੋਝੀ ਕਰਵਾ ਰਹੀ ਹੈ ਕਿ ਸੇਵਾ ਕਰਨ ਦੌਰਾਨ ਬੀਤਿਆ ਵਕਤ ਜੀਵਨ ਦਾ ਸਭ ਤੋਂ ਵੱਧ ਸਫ਼ਲ ਵਕਤ ਹੈ। ਉਨ੍ਹਾਂ ਕਿਹਾ ਕਿ ਸੇਵਾ ਦੌਰਾਨ ਸੇਵਾਦਾਰ ਉਸ ਰਚਨਹਾਰ ਪ੍ਰਮਾਤਮਾ ਦੇ ਨਾਲ ਇਕਮਿਕ ਹੋਣ ਦਾ ਸੁਭਾਵਿਕ ਅਨੁਭਵ ਕਰ ਸਕਦਾ ਹੈ। ਉਨ੍ਹਾਂ ਗੁਰੂ ਇਤਿਹਾਸ ਦੇ ਵੱਖ ਵੱਖ ਪੱਖਾਂ ਦਾ ਹਵਾਲਾ ਦਿੰਦਿਆਂ ਸਮਝਾਇਆ ਕਿ ਜਿਵੇਂ ਸੋਨਾ ਅੱਗ ਵਿੱਚ ਤਪ ਕੇ ਕੁੰਦਨ ਬਣ ਜਾਂਦਾ ਹੈ, ਇਸੇ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਨਿਸ਼ਕਾਮ ਸੇਵਾ ਸੰਪੂਰਨ-ਆਤਮ ਸਮਰਪਣ, ਸਖਤ ਮਿਹਨਤ, ਗੁਰੂ ਭਗਤੀ ਰਾਹੀਂ ਗੁਰਗੱਦੀ ਦੇ ਅਧਿਕਾਰੀ ਬਣੇ।
ਮਇਸ ਮੌਕੇ ਸੰਤ ਅਮੀਰ ਸਿੰਘ ਨੇ ਸਰਬੱਤ ਦੇ ਭਲੇ ਅਤੇ ਕੌਮ ਦੀ ਚੜਦੀਕਲਾ ਲਈ ਅਰਦਾਸ ਵੀ ਕੀਤੀ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸੰਤ ਬਾਬਾ ਸੁਚਾ ਸਿੰਘ ਦੀ ਬਰਸੀ ਸਮਾਗਮ ਦੇ ਸਬੰਧ 'ਚ ਆਰੰਭ ਹੋਈ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਅਤੇ ਟਕਸਾਲ ਅੰਦਰ ਚਲਦੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।