ਪੀ ਏ ਯੂ ’ਚ ਭਾਰਤੀ ਹਾਕੀ ਦੀ ਵਰ੍ਹੇਗੰਢ ਮੌਕੇ ਸਮਾਗਮ
ਪੀ ਏ ਯੂ ਵਿਚ ਭਾਰਤੀ ਹਾਕੀ ਦੀ 100ਵੀਂ ਵਰ੍ਹੇਗੰਢ ਬੜੇ ਧੂਮਧਾਮ ਨਾਲ ਮਨਾਈ ਗਈ। ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿੱਚ ਇਕ ਰਸਮੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਦਰੋਨਾਚਾਰਿਆ ਐਵਾਰਡੀ ਬਲਦੇਵ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਪ੍ਰਦਰਸ਼ਨੀ ਦੇ ਲਈ ਮੁੰਡਿਆਂ ਅਤੇ ਕੁੜੀਆਂ ਦੇ ਦੋ ਦਿਲਖਿਚਵੇਂ ਮੈਚ ਵੀ ਕਰਵਾਏ ਗਏ। ਇਹ ਮੈਚ ਸੁਧਾਰ ਕਾਲਜ ਅਤੇ ਮਾਲਵਾ ਅਕੈਡਮੀ (ਲੜਕੇ) ਦਰਮਿਆਨ ਕਰਵਾਇਆ ਗਿਆ। ਇਸੇ ਤਰ੍ਹਾਂ ਲੜਕੀਆਂ ਦੇ ਮੈਚ ਚਚਰਾੜੀ ਅਕੈਡਮੀ ਅਤੇ ਮੁੰਡੀਆਂ ਅਕੈਡਮੀ ਵਿਚਕਾਰ ਕਰਵਾਏ ਗਏ।
ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਡਾ. ਗੋਸਲ ਨੇ ਕਿਹਾ ਕਿ ਸਾਲ 1925 ਦੇ ਵਿਚ ਭਾਰਤੀ ਹਾਕੀ ਫੈਡਰੇਸ਼ਨ ਦੀ ਸਥਾਪਨਾ ਕੀਤੀ ਗਈ ਸੀ। ਭਾਰਤੀ ਹਾਕੀ ਟੀਮ ਨੇ 1928 ਵਿਚ ਪਹਿਲੀ ਵਾਰ ਓਲੰਪਿਕ ਖੇਡ ਵਿਚ ਭਾਗ ਲਿਆ ਸੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਬਣਨ ਤੋਂ ਬਾਅਦ ਇੱਥੋਂ ਦੇ ਵਿਦਿਆਰਥੀਆਂ ਦਾ ਭਾਰਤੀ ਹਾਕੀ ਖੇਡ ਦੇ ਵਿਚ ਵੱਡਮੁੱਲਾ ਯੋਗਦਾਨ ਰਿਹਾ ਹੈ। ਇਸ ਯੂਨੀਵਰਸਿਟੀ ਨੇ ਜਿੱਥੇ ਪੰਜ ਓਲੰਪੀਅਨ ਪੈਦਾ ਕੀਤੇ ਹਨ, ਉਥੇ ਹੀ ਦੋ ਯੂਨੀਵਰਸਿਟੀ ਦੇ ਵਿਦਿਆਰਥੀ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਬਲਦੇਵ ਸਿੰਘ ਨੇ ਕਿਹਾ ਕਿ ਆਉਣ ਸਮੇਂ ਦੌਰਾਨ ਵੀ ਫੀਲਡ ਹਾਕੀ ਦਾ ਭਵਿੱਖ ਬਹੁਤ ਚੰਗਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਵਿਸ਼ਵਜੀਤ ਸਿੰਘ ਹਾਂਸ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਮੁੱਖ ਪ੍ਰਬੰਧਕ ਅਜੈਪਾਲ ਸਿੰਘ ਪੁੰਨੀਆ, ਤੇਜਦੀਪ ਸਿੰਘ ਭੱਲਾਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਵਿਦਿਆਰਥੀ ਮੌਜੂਦ ਸਨ।
