ਕੈਨੇਡਾ ਜਾ ਕੇ ਮੁੱਕਰੀ ਵਿਆਹੁਤਾ ਤੇ ਉਸ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ
ਸਹੁਰਿਆਂ ਦੇ ਖਰਚੇ ’ਤੇ ਕੈਨੇਡਾ ਗਈ ਇੱਕ ਵਿਆਹੁਤਾ ਨੇ ਉੱਥੇ ਪੁੱਜ ਕੇ ਆਪਣੇ ਪਤੀ ਨਾਲ ਰਾਬਤਾ ਬੰਦ ਕਰ ਦਿੱਤਾ ਤੇ ਉਸ ਨੂੰ ਕੈਨੇਡਾ ਸੱਦਣ ਤੋਂ ਵੀ ਇਨਕਾਰ ਕਰ ਦਿੱਤਾ। ਪਤੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਕਤ ਵਿਆਹੁਤਾ ਸਣੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪਿੰਡ ਗੁਰਮ ਦੇ ਵਸਨੀਕ ਹਰਮਨਪ੍ਰੀਤ ਸਿੰਘ ਨੇ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਜਾਂਚ ਮਗਰੋਂ ਪੁਲੀਸ ਨੇ ਉਸ ਦੀ ਪਤਨੀ ਰਮਨਜੋਤ ਕੌਰ, ਸਹੁਰਾ ਹਰਵਿੰਦਰ ਸਿੰਘ, ਸੱਸ ਕਮਲਦੀਪ ਕੌਰ, ਜੀਜਾ ਦਵਿੰਦਰ ਸਿੰਘ ਤੇ ਪਵਿੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਦਸੰਬਰ 2020 ਵਿੱਚ ਰਮਨਜੋਤ ਕੌਰ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ, ਉਹ ਵਿਦੇਸ਼ ਜਾਣਾ ਚਾਹੁੰਦੇ ਸਨ ਜਿਸ ਤਹਿਤ ਉਸ ਦੇ ਪਰਿਵਾਰ ਨੇ 36 ਲੱਖ ਰੁਪਏ ਖਰਚ ਕਰਕੇ ਰਮਨਜੋਤ ਨੂੰ ਕੈਨੇਡਾ ਭੇਜਿਆ। ਇਹ ਤੈਅ ਹੋਇਆ ਸੀ ਕਿ ਰਮਨਜੋਤ ਉਥੇ ਪੁੱਜ ਕੇ ਹਮਰਨਪ੍ਰੀਤ ਨਾਲ ਰਾਬਤਾ ਰੱਖੇਗੀ ਤੇ ਛੇਤੀ ਤੋਂ ਛੇਤੀ ਉਸ ਨੂੰ ਵੀ ਕੈਨੇਡਾ ਸੱਦੇਗੀ ਪਰ ਕੈਨੇਡਾ ਪਹੁੰਚਣ ਮਗਰੋਂ ਰਮਨਜੋਤ ਨੇ ਕੁਝ ਸਮਾਂ ਹਰਮਨਪ੍ਰੀਤ ਨਾਲ ਗੱਲਬਾਤ ਕੀਤੀ ਤੇ ਮੁੜ ਉਸ ਨਾਲ ਹੌਲੀ ਹੌਲੀ ਰਾਬਤਾ ਬੰਦ ਕਰ ਦਿੱਤਾ। ਜਦੋਂ ਹਰਮਨਪ੍ਰੀਤ ਤੇ ਉਸ ਦੇ ਪਰਿਵਾਰ ਨੇ ਰਮਨਜੋਤ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਕੋਈ ਵਾਜਬ ਜਵਾਬ ਨਾ ਕੇ ਦੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਨਾਲ ਧੋਖਾ ਹੋਇਆ ਮਹਿਸੂਸ ਹੋਣ ’ਤੇ ਹਰਮਨਪ੍ਰੀਤ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਮਗਰੋਂ ਪੁਲੀਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।