ਸੀਲ ਕੀਤੀ ਬੇਕਰੀ ਖੋਲ੍ਹਣ ਵਾਲੇ ਮਾਲਕ ਖ਼ਿਲਾਫ਼ ਦੋ ਸਾਲ ਮਗਰੋਂ ਕੇਸ ਦਰਜ
ਇਥੇ ਮਲਹਾਰ ਰੋਡ ਸਥਿਤ ਹੀਰੋ ਬੇਕਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਨਿਗਮ ਮੁਲਾਜ਼ਮਾਂ ਨੇ ਦੋ ਸਾਲ ਪਹਿਲਾਂ ਬੇਕਰੀ ਨੂੰ ਸੀਲ ਕੀਤਾ ਸੀ ਪਰ ਬੇਕਰੀ ਮਾਲਕਾਂ ਨੇ ਖੁਦ ਸੀਲ ਤੋੜ ਕੇ ਬੇਕਰੀ ਖੋਲ੍ਹ ਲਈ ਸੀ। ਇਸ ਮਾਮਲੇ ਵਿੱਚ ਵਧੀਕ ਕਮਿਸ਼ਨਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿੱਚ ਅੱਜ ਪੁਲੀਸ ਵੱਲੋਂ ਬੇਕਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਕ ਸਤੰਬਰ 2023 ’ਚ ਨਗਰ ਨਿਗਮ ਨੇ ਹੀਰੋ ਬੇਕਰੀ ਨੂੰ ਸੀਲ ਕਰ ਦਿੱਤਾ ਸੀ। ਹੁਣ ਦੋ ਸਾਲ ਬਾਅਦ ਨਗਰ ਨਿਗਮ ਨੇ ਹੀਰੋ ਬੇਕਰੀ ਦੇ ਮਾਲਕ ਵਿਰੁੱਧ ਕੇਸ ਦਰਜ ਕਰਵਾਇਆ ਹੈ। ਇਸ ਮਾਮਲੇ ’ਚ ਦੋਸ਼ ਲਗਾਇਆ ਗਿਆ ਕਿ ਮਾਲਕ ਨੇ ਦੁਕਾਨ ਦੀ ਸੀਲ ਤੋੜੀ ਹੈ। ਵਧੀਕ ਕਮਿਸ਼ਨਰ ਪਰਮਦੀਪ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਡਿਵੀਜ਼ਨ-5 ਪੁਲੀਸ ਨੇ ਹੀਰੋ ਬੇਕਰੀ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਵਧੀਕ ਕਮਿਸ਼ਨਰ ਨੇ ਕਿਹਾ ਕਿ ਹੀਰੋ ਬੇਕਰੀ ਦਾ ਮਾਲਕ ਨਗਰ ਨਿਗਮ ਤੋਂ ਪ੍ਰਵਾਨਗੀ ਲਏ ਬਿਨਾਂ ਕੁਝ ਹਿੱਸਿਆਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਤਬਦੀਲੀ ਕਰ ਰਿਹਾ ਸੀ ਅਤੇ ਉਸਾਰੀ ਦਾ ਕੰਮ ਕਰ ਰਿਹਾ ਸੀ। ਨਗਰ ਨਿਗਮ ਨੇ 5 ਸਤੰਬਰ 2023 ਨੂੰ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਸੀ ਅਤੇ ਦੁਕਾਨ ਨੂੰ ਸੀਲ ਕਰ ਦਿੱਤਾ ਸੀ। ਕੁੱਝ ਸਮੇਂ ਬਾਅਦ, ਬੇਕਰੀ ਮਾਲਕ ਨੇ ਆਪਣੇ ਆਪ ਸੀਲ ਤੋੜ ਦਿੱਤੀ ਅਤੇ ਗੈਰ-ਕਾਨੂੰਨੀ ਉਸਾਰੀ ਦੁਬਾਰਾ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ।
