ਧੋਖਾਧੜੀ ਦੇ ਦੋਸ਼ ਹੇਠ ਲੜਕੀ ਸਣੇ ਮਾਂ-ਬਾਪ ਖ਼ਿਲਾਫ਼ ਕੇਸ ਦਰਜ
ਥਾਣਾ ਸਦਰ ਰਾਏਕੋਟ ਦੀ ਪੁਲੀਸ ਨੇ ਪਿੰਡ ਬੋਪਾਰਾਏ ਖ਼ੁਰਦ ਵਾਸੀ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਮੋਗਾ ਦੇ ਪਿੰਡ ਧੂਲਕੋਟ ਵਾਸੀ ਹਰਮਨਪ੍ਰੀਤ ਕੌਰ ਸਣੇ ਉਸ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਕਰਮਜੀਤ ਕੌਰ ਖ਼ਿਲਾਫ਼ ਉਸ ਦੇ ਪੁੱਤਰ ਨੂੰ ਕੈਨੇਡਾ ਵਿੱਚ ਲਿਜਾਣ ਦਾ ਸਬਜ਼ਬਾਗ ਦਿਖਾ ਕੇ 33 ਲੱਖ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਮੁਖੀ ਕੁਲਵਿੰਦਰ ਸਿੰਘ ਅਨੁਸਾਰ ਉਪ ਪੁਲੀਸ ਕਪਤਾਨ (ਸਥਾਨਕ) ਗੋਪਾਲ ਕ੍ਰਿਸ਼ਨ ਵੱਲੋਂ ਦਵਿੰਦਰ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਪੜਤਾਲ ਦੌਰਾਨ ਤੱਥਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਦੇ ਨਿਰਦੇਸ਼ ਅਨੁਸਾਰ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ।
ਦਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਲਵਪ੍ਰੀਤ ਸਿੰਘ ਦਾ ਵਿਆਹ 14 ਮਾਰਚ 2023 ਨੂੰ ਹਰਮਨਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਹਰਮਨਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਸਮੇਤ ਹਵਾਈ ਟਿਕਟ, ਰਹਿਣ-ਸਹਿਣ ਅਤੇ ਪੜਾਈ ਦੇ ਸਾਰੇ ਖ਼ਰਚੇ ਦੇ ਤੌਰ ’ਤੇ ਕਰੀਬ 25 ਲੱਖ ਰੁਪਏ ਅਤੇ ਵਿਆਹ ਉਪਰ 8 ਲੱਖ ਰੁਪਏ ਖ਼ਰਚ ਕੀਤੇ ਸੀ। ਹਰਮਨਪ੍ਰੀਤ ਕੌਰ ਨੇ ਵਿਦੇਸ਼ ਜਾਣ ਬਾਅਦ ਲਵਪ੍ਰੀਤ ਨੂੰ ਕੈਨੇਡਾ ਬੁਲਾਉਣ ਲਈ ਦਰਖ਼ਾਸਤ ਤੱਕ ਨਹੀਂ ਦਿੱਤੀ ਗਈ। ਥਾਣਾ ਮੁਖੀ ਕੁਲਵਿੰਦਰ ਸਿੰਘ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਗਈ ਹੈ।
