ਖ਼ੁਦਕੁਸ਼ੀ ਮਾਮਲੇ ’ਚ ਸਰਪੰਚ ਦੇ ਪਤੀ ਸਣੇ 8 ਖ਼ਿਲਾਫ਼ ਕੇਸ ਦਰਜ
ਨੇੜਲੇ ਪਿੰਡ ਅਖਾੜਾ’ਚ ਪੰਚਾਇਤ ਤੋਂ ਦੁਖੀ ਹੋ ਕੇ ਬਜ਼ੁਰਗ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਸਰਪੰਚ ਦੇ ਪਤੀ ਸਣੇ 8 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀਤੀ 28 ਜੁਲਾਈ ਨੂੰ ਪਿੰਡ ਅਖਾੜਾ ਦੇ ਜੋਰਾ ਸਿੰਘ (77) ਨੇ ਪੰਚਾਇਤ ਨਾਲ ਚੱਲ ਰਹੇ ਵਿਵਾਦ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਪੰਚਾਇਤ ਨੇ ਜੋਰਾ ਸਿੰਘ ਦੇ ਘਰ ਨੂੰ ਜਾਣ ਵਾਲੀ ਗਲੀ ਪੱਕੀ ਕੀਤੀ ਸੀ ਤੇ ਵਾਅਦਾ ਕੀਤਾ ਸੀ ਕਿ ਗਲੀ ਘਰ ਨਾਲੋਂ ਨੀਵੀਂ ਰੱਖੀ ਜਾਵੇਗੀ, ਪਰ ਬਣਾਉਣ ਲੱਗਿਆਂ ਗਲੀ ਘਰ ਨਾਲੋਂ ਲਗਪਗ ਢਾਈ ਫੁਟ ਉੱਚੀ ਰੱਖ ਦਿੱਤੀ ਗਈ। ਬੀਤੇ ਦਿਨੀਂ ਪਈ ਮੀਂਹ ਦਾ ਸਾਰਾ ਪਾਣੀ ਜੋਰਾ ਸਿੰਘ ਦੇ ਘਰ ਵੜ ਗਿਆ। ਜੋਰਾ ਸਿੰਘ ਨੇ ਪੰਚਾਇਤ ਨੂੰ ਕਈ ਵਾਰ ਬੇਨਤੀ ਕੀਤੀ ਸੀ ਕਿ ਗਲੀ ਦਾ ਹੱਲ ਕੱਢਿਆ ਜਾਵੇ ਪਰ ਕੋਈ ਕਾਰਵਾਈ ਨਾ ਹੁੰਦੀ ਵੇਖ ਉਸ ਨੇ ਜਦੋਂ ਖੁੱਦ ਹੱਲ ਕਰਨਾ ਚਾਹਿਆ ਤਾਂ ਪੰਚਾਇਤ ਨੇ ਉਸ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ। ਇਸ ਸ਼ਿਕਾਇਤ ਤੋਂ ਬਾਅਦ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਜੋਰਾ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਜੋਰਾ ਸਿੰਘ ਦੇ ਪੁੱਤਰ ਸੁਖਦੇਵ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਜਿਸ ਦੇ ਆਧਾਰ ’ਤੇ ਪੁਲੀਸ ਨੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਜਸਵੀਰ ਸਿੰਘ, ਪੰਚ ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਪ੍ਰਦੀਪ ਸਿੰਘ, ਸੋਨੂੰ, ਸੁਖਦੇਵ ਸਿੰਘ, ਸਰਬਨ ਸਿੰਘ ਤੇ ਭੁਜੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।