ਵਿਆਹੁਤਾ ਦੀ ਕੁੱਟਕਾਰ ਦੇ ਦੋਸ਼ ਹੇਠ ਸੱਸ ਤੇ ਪਤੀ ਸਣੇ ਅੱਠ ਖ਼ਿਲਾਫ਼ ਕੇਸ
ਥਾਣਾ ਜੋਧੇਵਾਲ ਦੀ ਪੁਲੀਸ ਨੇ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਪਰਮਜੀਤ ਸਿੰਘ ਤੇ ਸੱਸ ਸਣੇ ਅੱਠ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਹੱਲਾ ਵਰਧਮਾਨ ਨਗਰ ਰਾਹੋਂ ਰੋਡ ਵਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਤੇ ਸੱਸ ਨੇ ਹੋਰ ਰਿਸ਼ਤੇਦਾਰਾਂ ਨਾਲ ਰਲ ਕੇ ਉਸ ਦੀ ਕੁੱਟਮਾਰ ਕੀਤੀ ਤੇ ਸੱਸ ਨੇ ਉਸ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ ਵੀ ਕੀਤੀ। ਇਸ ਮਗਰੋਂ ਉਸ ਨੂੰ ਘਸੀਟ ਕੇ ਘਰੋਂ ਬਾਹਰ ਕੱਢ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਸ਼ਿਕਾਇਤ ਕਰਨ ਲਈ ਜੋਧੇਵਾਲ ਥਾਣੇ ਵੱਲ ਆ ਰਹੀ ਸੀ ਤਾਂ ਉਨ੍ਹਾਂ ਉਸ ਨੂੰ ਘੇਰ ਕੇ ਗਾਲੀ ਗਲੋਚ ਕੀਤੀ ਤੇ ਉਸ ਦੇ ਪਤੀ ਨੇ ਆਪਣੀ ਸ੍ਰੀ ਸਾਹਿਬ ਕੱਢ ਕੇ ਉਸ ਦੇ ਪੁੱਠੇ ਹੱਥ ਉਪਰ ਮਾਰੀ। ਸਾਰੇ ਉਸ ਨੂੰ ਧਮਕੀਆਂ ਦਿੰਦੇ ਹੋਏ ਚਲੇ ਗਏ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ਼ ਲਈ ਸੀਐਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਪਰਮਜੀਤ ਸਿੰਘ, ਉਸ ਦੀ ਮਾਂ ਗੁਰਮੀਤ ਕੌਰ ਸਣੇ ਇੱਕ ਬੱਚੀ, ਕੁਲਵੀਰ ਕੌਰ, ਲੱਖੀ, ਉਸ ਦਾ ਭਰਾ ਬਿੱਟੂ, ਨਿਰਮਲ ਸਿੰਘ ਵਾਸੀਆਨ ਪਿੰਡ ਰੌੜ ਤੇ ਫੁੱਫੜ ਸੁਹਰਾ ਅਵਤਾਰ ਸਿੰਘ ਵਾਸੀ ਪਿੰਡ ਮੇਹਰਬਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।