ਸਿਵਲ ਹਸਪਤਾਲ ਦੀ ਕੰਟੀਨ ਦਾ ਠੇਕਾ ਨਾ ਭਰਨ ’ਤੇ ਦੋ ਖ਼ਿਲਾਫ਼ ਕੇਸ
ਸਿਵਲ ਹਸਪਤਾਲ ਦੇ ਅੰਦਰਬਣੀ ਕੰਟੀਨ ਦਾ ਠੇਕਾ ਪਿਛਲੇ ਸਾਲ ਪ੍ਰਸ਼ਾਨਸ ਵੱਲੋਂ ਔਰਤ ਦੇ ਨਾਂ ਅਲਾਟ ਕੀਤਾ ਗਿਆ ਸੀ ਜਿਸ ਦਾ ਬਕਾਇਆ ਹੁਣ 10 ਲੱਖ ਰੁਪਏ ਹੋ ਗਿਆ ਹੈ। ਰਕਮ ਦੀ ਅਦਾਇਗੀ ਨਾ ਕਰਨ ’ਤੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੇ ਔਰਤ ਨਰਿੰਦਰ ਕੌਰ ਤੇ ਉਸ ਦੇ ਜਵਾਈ ਮਿੱਕੀ ਸਾਹਣੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸਿਵਲ ਹਸਪਤਾਲ ਦੇ ਐੱਸਐੱਮਓ ਨੇ ਦੱਸਿਆ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਨਰਿੰਦਰ ਕੌਰ ਨਾਂ ਦੀ ਔਰਤ ਨੂੰ ਸਿਵਲ ਹਸਪਤਾਲ ਦੀ ਕੰਟੀਨ ਦਾ ਠੇਕਾ ਦਿੱਤਾ ਸੀ ਜਿਸ ਲਈ ਠੇਕੇਦਾਰ ਔਰਤ ਵੱਲ 10 ਲੱਖ 91 ਹਜ਼ਾਰ 591 ਰੁਪਏ ਬਕਾਇਆ ਸੀ। ਜਦੋਂ ਠੇਕੇਦਾਰ ਨੂੰ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਤਾਂ ਠੇਕੇਦਾਰ ਔਰਤ ਦੇ ਜਵਾਈ ਮਿੱਕੀ ਸਾਹਣੀ ਨੇ 4 ਚੈੱਕ ਦਿੱਤੇ। ਜਦੋਂ ਹਸਪਤਾਲ ਦੇ ਪ੍ਰਸ਼ਾਸਨ ਨੇ ਚੈੱਕ ਬੈਂਕ ਵਿੱਚ ਲਗਾਏ ਤਾਂ ਉਹ ਬਾਊਂਸ ਹੋ ਗਏ। ਉਨ੍ਹਾਂ ਨੇ ਹਸਪਤਾਲ ਦੇ ਪ੍ਰਸ਼ਾਸਨ ਪਿਛਲੇ ਇੱਕ ਸਾਲ ਤੋਂ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦੇ ਹੋਏ ਠੇਕੇਦਾਰ ਔਰਤ ਤੇ ਉਸ ਦੇ ਜਵਾਈ ਖਿਲਾਫ਼ ਕੇਸ ਦਰਜ ਕਰਵਾਇਆ ਹੈ।