ਠੱਗੀ ਦੇ ਦੋਸ਼ ਹੇਠ ਕਲੋਨਾਈਜ਼ਰ ਤੇ ਸੇਵਾਮੁਕਤ ਪਟਵਾਰੀ ਸਣੇ ਛੇ ਖ਼ਿਲਾਫ਼ ਕੇਸ
ਲੁਧਿਆਣਾ ਦਿਹਾਤੀ ਦੇ ਥਾਣਾ ਦਾਖਾ ਵਿੱਚ ਸੇਵਾਮੁਕਤ ਪਟਵਾਰੀ, ਕਲੋਨਾਈਜ਼ਰ ਅਤੇ ਚਾਰ ਭਰਾਵਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਤਿਨ ਜੈਨ ਪੁੱਤਰ ਰਜਿੰਦਰ ਜੈਨ ਵਾਸੀ ਗੁਰੂ ਨਾਨਕ ਕਲੋਨੀ ਸੰਗਰੂਰ ਦੇ ਬਿਆਨਾਂ ’ਤੇ ਦਰਜ ਹੋਇਆ ਹੈ। ਜਤਿਨ ਜੈਨ ਨੇ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦੇਤਵਾਲ ਦੇ ਚਾਰ ਭਰਾਵਾਂ ਮੁਖਤਿਆਰ ਸਿੰਘ, ਗੁਰਦੇਵ ਸਿੰਘ, ਬੰਤ ਸਿੰਘ ਤੇ ਸੰਤ ਸਿੰਘ ਨੇ ਸੇਵਾਮੁਕਤ ਪਟਵਾਰੀ ਸਤਿੰਦਰਪਾਲ ਸਿੰਘ ਤੇ ਇੰਦਰਜੀਤ ਸਿੰਘ ਨਾਲ ਮਿਲ ਕੇ ਜਾਅਲੀ ਫਰਦ ਬਣਾ ਕੇ ਇੰਤਕਾਲ ਕੀਤਾ ਹੈ।
ਮਾਮਲੇ ਦੀ ਜਾਂਚ ਮਗਰੋਂ ਪੁਲੀਸ ਨੇ ਮੁਖਤਿਆਰ ਸਿੰਘ, ਗੁਰਦੇਵ ਸਿੰਘ, ਬੰਤ ਸਿੰਘ ਤੇ ਸੰਤ ਸਿੰਘ ਤੋਂ ਇਲਾਵਾ ਸੇਵਾਮੁਕਤ ਪਟਵਾਰੀ ਸਤਿੰਦਰਪਾਲ ਸਿੰਘ ਅਤੇ ਡਾਇਰੈਕਟਰ ਡਰੀਮਲੈਂਡ ਪ੍ਰਾਜੈਕਟਸ ਇੰਦਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੇਵਾਮੁਕਤ ਪਟਵਾਰੀ ਦੀ ਮਿਲੀਭੁਗਤ ਨਾਲ ਜਾਅਲੀ ਫਰਦ ਤਿਆਰ ਕੀਤੀ ਗਈ। ਫੇਰ ਇਕ ਜਾਅਲੀ ਇੰਤਕਾਲ ਰਾਹੀਂ ਜ਼ਮੀਨ ਮੁਖਤਿਆਰ ਸਿੰਘ ਵਗੈਰਾ ਦੇ ਨਾਮ ਕਰਵਾ ਕੇ ਇਕ ਰਜਿਸਟਰੀ ਆਪਣੇ ਹੱਕ ਵਿੱਚ ਕਰਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ।
ਪਟਵਾਰੀ ਤੇ ਦੋ ਭਰਾ ਗ੍ਰਿਫ਼ਤਾਰ
ਡੀਐਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਧੋਖਾਧੜੀ ਦੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ। ਇਨ੍ਹਾਂ ਵਿੱਚ ਸਤਿੰਦਰਪਾਲ ਸਿੰਘ ਵਾਸੀ ਲਲਤੋਂ ਖੁਰਦ, ਮੁਖਤਿਆਰ ਸਿੰਘ ਤੇ ਸੰਤ ਸਿੰਘ ਸ਼ਾਮਲ ਹਨ।