ਗਿੱਦੜਵਿੰਡੀ ਵਾਲੇ ਡਿਫੈਂਸ ਕਮੇਟੀ ਦੇ ਕਾਰਡ ਧਾਰਕ ਮੈਂਬਰ ਰੋਕਣਗੇ ਨਸ਼ਾ
ਜਗਰਾਉਂ ਨਜ਼ਦੀਕੀ ਬੇਟ ਇਲਾਕੇ ਦੇ ਵੱਡੇ ਪਿੰਡ ਗਿੱਦੜਵਿੰਡੀ ਦੇ ਕੁਝ ਮੋਹਤਬਰਾਂ ਦੇ ਪੰਜਾਬ ਸਰਕਾਰ ਵਲੋਂ ਬਣਾਏ ਵਿਲੇਜ ਡਿਫੈਂਸ ਕਮੇਟੀ ਮੈਂਬਰ ਵਜੋਂ ਕਾਰਡ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨੂੰ ਸੌਂਪੇ। ਇਨ੍ਹਾਂ ਦੇ ਸਿਰ ਹੁਣ ਪਿੰਡ ਵਿੱਚੋਂ ਨਸ਼ਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਆ ਪਈ ਹੈ। ਇਹੋ ਕਾਰਡ ਧਾਰਕ ਕਮੇਟੀ ਮੈਂਬਰ ਦੱਸਣਗੇ ਕਿ ਪਿੰਡ ਵਿੱਚ ਕਿਹੜਾ ਬਾਹਰਲਾ ਬੰਦਾ ਬਿਨਾਂ ਕੰਮ ਤੋਂ ਗੇੜੇ ਮਾਰਦਾ ਅਤੇ ਕਿਹੜਾ ਨਸ਼ਾ ਸਪਲਾਈ ਕਰਨ ਆਉਂਦਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਵੀ ਡਿਫੈਂਸ ਕਮੇਟੀ ਦੇ ਮੈਂਬਰ ਬਣ ਗਏ ਉਨ੍ਹਾਂ ਨੂੰ ਸ਼ੱਕੀ ਵਿਅਕਤੀ ਦੀ ਚੈਕਿੰਗ ਦਾ ਅਧਿਕਾਰ ਹੋਵੇਗਾ। ਪਹਿਲਾਂ ਅਜਿਹਾ ਕਰਨ ਸਮੇਂ ਝਗੜੇ ਪੈਦਾ ਹੋ ਜਾਂਦੇ ਸਨ। ਕਿਸੇ ਕੋਲ ਕੋਈ ਅਧਿਕਾਰ ਜਾਂ ਸ਼ਨਾਖਤੀ ਕਾਰਡ ਨਾ ਹੋਣ ਕਰਕੇ ਸਵਾਲ ਵੀ ਉੱਠਦੇ ਸਨ। ਪਰ ਸਰਕਾਰ ਨੇ ਇਸ ਦਾ ਹੱਲ ਕਰ ਦਿੱਤਾ ਹੈ ਅਤੇ ਵਿਲੇਜ ਡਿਫੈਂਸ ਕਮੇਟੀ ਅਤੇ ਵਾਰਡ ਡਿਫੈਂਸ ਕਮੇਟੀਆਂ ਬਣਾ ਦਿੱਤੀਆਂ ਹਨ। ਇਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਹੈ ਜਿਸ ਤਹਿਤ ਇਲਾਕੇ ਦੇ ਪਿੰਡ ਗਿੱਦੜਵਿੰਡੀ ਦੇ ਕੁਝ ਲੋਕਾਂ ਦੇ ਸ਼ਾਨਖਤੀ ਕਾਰਡ ਬਣਾਏ ਗਏ ਹਨ। ਮਤਲਬ ਪਿੰਡ ਗਿੱਦੜਵਿੰਡੀ ਤੋਂ ਹੀ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਹੈ। ਹੁਣ ਸਾਰ ਜ਼ਿੰਮਾ ਅੱਜ ਮੁੱਖ ਮੰਤਰੀ ਤੋਂ ਸ਼ਨਾਖਤੀ ਕਾਰਡ ਹਾਸਲ ਕਰਨ ਵਾਲੇ ਪਿੰਡ ਗਿੱਦੜਵਿੰਡੀ ਦੇ ਇਨ੍ਹਾਂ ਵਿਅਕਤੀ ਸਿਰ ਹੈ। ਇਹ ਇਕ ਤਰ੍ਹਾਂ ਨਾਲ ਪੰਜਾਬ ਸਰਕਾਰ ਦੇ ਪਾਇਲਟ ਪ੍ਰਾਜੈਕਟ ਦਾ ਰੋਲ ਮਾਡਲ ਹਨ। ਇਨ੍ਹਾਂ ਦੀ ਕਾਮਯਾਬੀ ਤੋਂ ਹੀ ਹੋਰਨਾਂ ਪਿੰਡਾਂ ਤੇ ਵਾਰਡਾਂ ਦੇ ਡਿਫੈਂਸ ਕਮੇਟੀ ਮੈਂਬਰਾਂ ਨੇ ਪ੍ਰੇਰਨਾ ਤੇ ਮਾਰਗ ਦਰਸ਼ਨ ਲੈਣਾ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਗਰਾਉਂ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਯੂਥ ਆਗੂ ਵਿਕਰਮਜੀਤ ਸਿੰਘ ਵਿੱਕੀ ਥਿੰਦ ਨੂੰ ਵੀ ਥਾਪੜਾ ਦਿੱਤਾ।
ਡੱਬੀ:::ਸਰਕਾਰ ਨੇ ਨਸ਼ਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਲੋਕਾਂ ਸਿਰ ਪਾਈ: ਖੰਨਾ
ਨਸ਼ਾ ਵਿਰੋਧੀ ਫਰੰਟ ਦੇ ਆਗੂ ਕੰਵਲਜੀਤ ਖੰਨਾ ਤੇ ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਕੋਈ ਵਧੀਆ ਨਤੀਜਾ ਨਹੀਂ ਨਿੱਕਲਿਆ ਤੇ ਨਸ਼ੇ ਪਹਿਲਾਂ ਨਾਲੋਂ ਵਧੇ ਹਨ। ਸਰਕਾਰ ਨੇ ਹੁਣ ਆਪਣੀ ਤੇ ਪੁਲੀਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੋਂ ਹੱਥ ਪਿਛਾਂਹ ਖਿੱਚ ਕੇ ਲੋਕਾਂ ਦੇ ਮੋਢਿਆਂ ’ਤੇ ਹੀ ਜ਼ਿੰਮੇਵਾਰੀ ਦਾ ਭਾਰ ਪਾਉਣ ਵਾਲਾ ਕੰਮ ਕੀਤਾ ਹੈ। ਇਸ ਲਈ ਜਿਹੜੇ ਵੀ ਲੋਕ ਡਿਫੈਂਸ ਕਮੇਟੀ ਮੈਂਬਰ ਬਣੇ ਹਨ ਅਤੇ ਸ਼ਨਾਖਤੀ ਕਾਰਡ ਹਾਸਲ ਕੀਤੇ ਹਨ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਿੰਡ ਵਿੱਚੋਂ ਨਸ਼ਾ ਵਿਕਣ ਤੇ ਨਸ਼ਾ ਤਸਕਰਾਂ ਨੂੰ ਰੋਕਣ। ਪਰ ਉਨ੍ਹਾਂ ਨਾਲ ਹੀ ਇਸ ਮੁਹਿੰਮ ਦੇ ਵੀ ਫੇਲ੍ਹ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਅਤੇ ਇਸ ਨੂੰ ਸਿਰਫ ਇਕ ਦਿਖਾਵਾ ਮਾਤਰ ਦੱਸਿਆ।