ਰਾਹਤ ਕਾਰਜਾਂ ਲਈ ਦਰਜਨਾਂ ਪਿੰਡਾਂ ’ਚ ਕੈਂਪ
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਬੇਟ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੁੱਜੇ। ਇਸ ਸਮੇਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਰਾਹਤ ਕਾਰਜਾਂ ਅਤੇ ਨੁਕਸਾਨ ਸਬੰਧੀ ਕੈਂਪ ਲਾਏ ਗਏ। ਸਭ ਤੋਂ ਪਹਿਲਾਂ ਵਿਧਾਇਕਾ ਮਾਣੂੰਕੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਮੁਸ਼ਕਲਾਂ ਸੁਣੀਆਂ। ਜਿਹੜੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੱਲ ਸੰਭਵ ਸੀ, ਉਹ ਅਧਿਕਾਰੀਆਂ ਨੂੰ ਕਹਿ ਕੇ ਉੱਥੇ ਹੀ ਕਰਾਇਆ ਗਿਆ। ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਸਨ ਜਾਂ ਕੋਈ ਹੋਰ ਤਰੁੱਟੀਆਂ ਸਨ, ਉਨ੍ਹਾਂ ਦੇ ਕੇਵਾਈਸੀ ਮੌਕੇ ’ਤੇ ਹੀ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲੋਂ ਕਰਵਾਈ ਗਈ। ਜਿਹੜੇ ਲੋਕਾਂ ਦੇ ਮੀਂਹ ਤੇ ਹੜ੍ਹਾਂ ਦੌਰਾਨ ਮਕਾਨ ਡਿੱਗ ਗਏ ਸਨ ਜਾਂ ਰਹਿਣਯੋਗ ਨਹੀਂ ਰਹੇ ਅਤੇ ਜਿਨ੍ਹਾਂ ਕਿਸਾਨ ਭਰਾਵਾਂ ਦੀਆਂ ਫ਼ਸਲਾਂ ਨੁਕਸਾਨੀਆਂ ਤੇ ਖ਼ਰਾਬ ਹੋ ਗਈਆਂ, ਉਨ੍ਹਾਂ ਦੀਆਂ ਰਿਪੋਰਟਾਂ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਕੋਲੋਂ ਮੁਆਵਜ਼ਾ ਦਿਵਾਇਆ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਵੱਖ-ਵੱਖ ਪਿੰਡਾਂ ਵਿੱਚ ਕੈਂਪਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕੇ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕੋ-ਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ, ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਪਰਮਿੰਦਰ ਸਿੰਘ ਖਹਿਰਾ, ਸਰਪੰਚ ਜਗਤਾਰ ਸਿੰਘ ਰਸੂਲਪੁਰ, ਸਰਪੰਚ ਹਰਦੀਪ ਸਿੰਘ ਬਰਸਾਲ, ਸਰਪੰਚ ਸਰੋਜ ਰਾਣੀ ਤੋਂ ਇਲਾਵਾ ਵਾਲੰਟੀਅਰ ਵੀ ਹਾਜ਼ਰ ਸਨ।