ਸਰਕਾਰ ਵੱਲੋਂ ਵਿਭਾਗਾਂ ਦੀ ਜ਼ਮੀਨ ਵੇਚਣ ਦੀ ਕਾਰਵਾਈ ਦੇ ਵਿਰੋਧ ਦਾ ਸੱਦਾ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਦੀ ਜ਼ਮੀਨ ਵੇਚਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਇਸਦੇ ਵਿਰੋਧ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਇੰਕਸਾਫ ਕੀਤਾ ਹੈ ਕਿ ਦਫ਼ਤਰ ਤਹਿਸੀਲਦਾਰ ਲੁਧਿਆਣਾ ਪੱਛਮੀ ਵੱਲੋਂ ਹਲਕਾ ਕਾਨੂੰਨਗੋ ਬੱਗਾ ਕਲਾਂ ਨੂੰ ਜਾਰੀ ਹੁਕਮ ਵਿੱਚ ਵਰਨਣ ਕੀਤਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਬਾਨੀ ਹੁਕਮ ਕੀਤੇ ਹੋਏ ਹਨ ਕਿ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਿਟਡ, ਬਾਗਬਾਨੀ ਵਿਭਾਗ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਆਦਿ ਮਹਿਕਮਿਆਂ ਦੀ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਜਾਵੇ। ਇਹ ਜ਼ਮੀਨ ਬੱਗਾ ਕਲਾਂ ਹਲਕੇ ਦੇ ਪਿੰਡਾਂ ਮਜਾਰਾ, ਖਰਕ, ਗੋਇੰਦਵਾਲ, ਮੰਨੇਵਾਲ, ਛਾਉਲੇ, ਆਲੋਵਾਲ ਵਿੱਚ ਪੈਂਦੀ ਹੈ। ਇਸ ਜ਼ਮੀਨ ਦੀ ਮੁਕੰਮਲ ਨਿਸ਼ਾਨਦੇਹੀ ਰਿਪੋਰਟ ਦੀ ਫਾਈਲ ਹਰ ਹਾਲਤ ਸੋਮਵਾਰ ਤੱਕ ਇਸ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਸੂਤਰਾਂ ਅਨੁਸਾਰ, ਪੀਏਯੂ ਦੀ 1500 ਏਕੜ ਜ਼ਮੀਨ ਵੇਚੇ ਜਾਣ ਦੀਆਂ ਤਿਆਰੀਆਂ ਅੰਦਰ ਖਾਤੇ ਚੱਲ ਰਹੀਆਂ ਹਨ।
ਆਗੂਆਂ ਨੇ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਅਤੇ ਸਮੁੱਚੇ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ 4.25 ਲੱਖ ਕਰੋੜ ਦੀ ਕਰਜ਼ਾਈ ਤੇ ਦਿਵਾਲੀਆ ਪੰਜਾਬ ਸਰਕਾਰ ਵੱਲੋਂ ਅਰਬਾਂ ਰੁਪਏ ਦੀ ਮੋਹਾਲੀ ਸਥਿਤ ਏਸੀ ਮੰਡੀ ਤੇ ਅਨੰਦਪੁਰ ਸਾਹਿਬ ਮੰਡੀ ਨੂੰ ਭੰਗ ਦੇ ਭਾਅ ਵੇਚੇ ਜਾਣ ਤੋਂ ਬਾਅਦ ਪੂਰੇ ਚੌਕਸ, ਜਾਗਰੂਕ ਤੇ ਜਥੇਬੰਦ ਹੋ ਕੇ ਉਪਰੋਕਤ ਦੋ ਹਜ਼ਾਰ ਏਕੜ ਦੇ ਕਰੀਬ ਬੇਸ਼ਕੀਮਤੀ ਅਰਬਾਂ ਰੁਪਏ ਦੀ ਜਨਤਕ ਜਾਇਦਾਦ ਨੂੰ ਪੰਜਾਬ ਸਮੇਤ ਦੇਸ਼ ਅਤੇ ਸਮੁੱਚੀ ਮਿਹਨਤਕਸ਼ ਜਨਤਾ ਦੇ ਦੁਸ਼ਮਣ ਵੱਡੇ ਲੁਟੇਰੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾਣ ਦਾ ਡਟਵਾਂ ਵਿਰੋਧ ਕਰਨ ਲਈ ਅਤੇ ਇਸ ਦੀ ਸਲਾਮਤੀ ਲਈ ਹੱਕ ਸੱਚ ਇਨਸਾਫ਼ ਦੀ ਜ਼ੋਰਦਾਰ, ਪਵਿੱਤਰ, ਇਕਜੁੱਟ ਤੇ ਸੰਗਰਾਮੀ ਆਵਾਜ਼ ਬੁਲੰਦ ਕਰਨ।