ਕੈਬਨਿਟ ਮੰਤਰੀ ਵੱਲੋਂ ਫੀਡ ਦਾ ਟਰੱਕ ਰਵਾਨਾ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਖੰਨਾ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿਖੇ ਪਸ਼ੂ ਧਨ ਦੀ ਮਦਦ ਲਈ ਰਾਹਤ ਸਮੱਗਰੀ ਵਜੋਂ ਦੂਜਾ ਫੀਡ ਦਾ ਟਰੱਕ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ ਇਸ ਲਈ ਸਾਰੇ ਪੰਜਾਬ ਵਾਸੀ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਪ੍ਰਭਾਵਿਤ ਖੇਤਰਾਂ ਵਿਚ ਭੇਜ ਰਹੇ ਹਨ। ਪਹਿਲਾ ਪੰਜਾਬ ਦਾ ਸਰਹੱਦੀ ਇਲਾਕਾ ਸਤਲੁਜ ਅਤੇ ਰਾਵੀ ਦੇ ਕੰਢਿਆਂ ਨਾਲ ਲੱਗਦੇ ਪਿੰਡ ਪ੍ਰਭਾਵਿਤ ਹੋਏ ਪਰ ਹੁਣ ਘੱਗਰ ਦਰਿਆ ਨਾਲ ਲੱਗਦੇ ਇਲਾਕੇ ਨੂੰ ਵੀ ਹੜ੍ਹਾਂ ਦੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਖੰਨਾ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਦੂਜਾ ਫੀਡ ਦਾ ਟਰੱਕ ਭੇਜਿਆ ਗਿਆ ਹੈ ਅਤੇ ਜਦੋਂ ਤੱਕ ਪੰਜਾਬ ਇਸ ਸਮੱਸਿਆ ਵਿਚੋਂ ਨਹੀਂ ਨਿਕਲਦਾ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਸੌਂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਕਿਰਤ ਕਮਾਈ ਵਿਚੋਂ ਹਿੱਸਾ ਪਾਓ ਤਾਂ ਜੋ ਪੰਜਾਬ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਇਸ ਕੁਦਰਤੀ ਆਫ਼ਤ ਨਾਲ ਨਿਪਟਣ ਲਈ ਕੰਮ ਕਰ ਰਹੇ ਹਨ।