ਵਿਦੇਸ਼ ਜਾਣ ਲਈ ਮਦਦ ਕਰਨ ਵਾਲੇ ਕਾਰੋਬਾਰੀ ਨੂੰ ਧਮਕਾ ਕੇ ਮੰਗੀ ਫਿਰੌਤੀ
ਰਾਏਕੋਟ ਦੇ ਕੱਪੜਾ ਵਪਾਰੀ ਰਿਸ਼ੀ ਜੈਨ ਨੇ ਤਲਵੰਡੀ ਰਾਏ ਦੇ ਇੱਕ ਲੋੜਵੰਦ ਪਰਿਵਾਰ ਦੀ 21 ਸਾਲਾ ਲੜਕੀ ਉਰਮਿਲਾ ਨੂੰ ਕਰੀਬ ਦੋ ਸਾਲ ਪਹਿਲਾਂ ਪੜ੍ਹਾਈ ਲਈ ਲੰਡਨ ਜਾਣ ਵੇਲੇ ਆਰਥਿਕ ਮਦਦ ਕੀਤੀ ਸੀ ਪਰ ਉਰਮਿਲਾ ਨੇ ਆਪਣੇ ਇੱਕ ਸਾਥੀ ਉਸੇ ਕੁੜੀ ਨੇ ਕਥਿਤ ਗੈਂਗਸਟਰ ਤੇਜਿੰਦਰ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਉਮਰਪੁਰਾ ਜ਼ਿਲ੍ਹਾ ਬਟਾਲਾ, ਹਾਲ ਵਾਸੀ ਲੰਡਨ ਨਾਲ ਮਿਲ ਕੇ ਰਿਸ਼ੀ ਜੈਨ ਨੂੰ ਲੁੱਟਣ ਦੀ ਵਿਉਂਤ ਬਣਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 12 ਅਗਸਤ ਦੀ ਰਾਤ ਕਰੀਬ 10.40 ਵਜੇ ਰਿਸ਼ੀ ਜੈਨ ਨੂੰ ਲੰਡਨ ਤੋਂ ਕਥਿਤ ਗੈਂਗਸਟਰ ਤੇਜਿੰਦਰ ਸਿੰਘ ਬਿੱਲਾ ਨੇ ਪਾਕਿਸਤਾਨ ਦੇ ਨੰਬਰ ਦੀ ਵਰਤੋਂ ਕਰਦਿਆਂ ਕਾਲ ਕੀਤੀ ਤੇ 30 ਲੱਖ ਰੁਪਏ ਫ਼ਿਰੌਤੀ ਦੇਣ ਲਈ ਧਮਕਾਇਆ। 13 ਅਗਸਤ ਦੀ ਸਵੇਰ ਸੀਟੂ ਆਗੂ ਦਲਜੀਤ ਕੁਮਾਰ ਗੋਰਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਪੁਲੀਸ ਮੁਖੀ ਅਰਪਿਤ ਸ਼ੁਕਲਾ ਨੂੰ ਸੂਚਿਤ ਕੀਤਾ ਜਿਨ੍ਹਾਂ ਇਸ ਮਾਮਲੇ ਦੀ ਜਾਂਚ ਆਰੰਭ ਕਰਨ ਦਾ ਹੁਕਮ ਦਿੱਤਾ।
ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ 13 ਅਗਸਤ ਨੂੰ ਮਾਮਲੇ ਦੀ ਜਾਂਚ ਆਰੰਭੀ ਤੇ ਪੜਤਾਲ ਦੌਰਾਨ ਬੀਤੀ ਰਾਤ ਪੁਲੀਸ ਨੇ ਇਸ ਮਾਮਲੇ ਵਿੱਚ ਲੰਡਨ ਭੇਜੀ ਲੜਕੀ ਉਰਮਿਲਾ ਦੀ ਵੱਡੀ ਭੈਣ ਨੀਸ਼ੂ ਉਰਫ਼ ਤੰਨੂ (24) ਵਾਸੀ ਪਿੰਡ ਤਲਵੰਡੀ ਰਾਏ ਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ ਉਰਮਿਲਾ ਤੇ ਤੇਜਿੰਦਰ ਸਿੰਘ ਉਰਫ਼ ਬਿੱਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਵਿੱਚ ਪੁਲੀਸ ਤੇਜਿੰਦਰ ਸਿੰਘ ਉਰਫ਼ ਬਿੱਲਾ ਨੂੰ ਰਿਸ਼ੀ ਜੈਨ ਦੇ ਪਰਿਵਾਰਕ ਮੈਂਬਰਾਂ ਤੇ ਜਾਇਦਾਦ ਦਾ ਵੇਰਵਾ ਦੇਣ ਵਾਲਿਆਂ ਦੀ ਵੀ ਭਾਲ ਕਰ ਰਹੀ ਹੈ। ਥਾਣਾ ਰਾਏਕੋਟ ਸ਼ਹਿਰੀ ਦੇ ਮੁਖੀ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਅਦਾਲਤ ਨੇ ਨੀਸ਼ੂ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।