29 ਨੂੰ ਮਹਿਮਾ ਸਿੰਘ ਵਾਲਾ ਵਿੱਚ ਹੋਵੇਗੀ ਬੈਲ ਗੱਡੀਆਂ ਦੀ ਦੌੜ
ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸਮਾਗਮ ਦੀ ਪ੍ਰਧਾਨਗੀ
ਪੇਂਡੂ ਖੇਡਾਂ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣ ਨੂੰ ਮਿਲੀ ਮਨਜ਼ੂਰੀ ਤੋਂ ਬਾਅਦ ਹੁਣ 29 ਜੁਲਾਈ ਨੂੰ ਮਹਿਮਾ ਸਿੰਘ ਵਾਲਾ ਫੁਟਬਾਲ ਸਟੇਡਿਅਮ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਵੀ ਹੋਣਗੀਆਂ। ਇਸ ਦਾ ਜਾਇਜ਼ਾ ਲੈਣ ਲਈ ਅੱਜ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਪੁੱਜੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਮਾਗਮ ਵਾਲੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਸ਼ਾਮਲ ਲੋਕਾਂ ਨਾਲ ਵੀ ਵਿਚਾਰ-ਵਟਾਂਦਰਾ ਕਰਨਗੇ। ਇਹ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ (ਪੰਜਾਬ ਸੋਧ) ਬਿੱਲ 2025 ਨੂੰ ਪਾਸ ਕਰਨ ਲਈ ਚੁੱਕਿਆ ਗਿਆ ਇੱਕ ਇਤਿਹਾਸਕ ਕਦਮ ਹੈ, ਜਿਸ ਨਾਲ ਸੂਬੇ ਵਿੱਚ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਹੋਣ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਏਗਾ, ਜਿਸ ਨਾਲ ਪੰਜਾਬ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਦੀ ਸੱਭਿਆਚਾਰਕ ਮਹੱਤਤਾ ਦਾ ਜਸ਼ਨ ਮਨਾਇਆ ਜਾਵੇਗਾ। ਇਸ ਮੌਕੇ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਏ.ਡੀ.ਸੀ ਅਮਰਜੀਤ ਬੈਂਸ, ਐਸ.ਡੀ.ਐਮ ਜਸਲੀਨ ਕੌਰ ਭੁੱਲਰ, ਉਪਿੰਦਰਜੀਤ ਕੌਰ ਬਰਾੜ ਅਤੇ ਹੋਰ ਸ਼ਾਮਲ ਸਨ।