ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਬਸਪਾ ਨੇ ਏਜੰਡੇ ਤੈਅ ਕੀਤੇ: ਕਰੀਮਪੁਰੀ
ਇਥੇ ਬਹੁਜਨ ਸਮਾਜ ਪਾਰਟੀ ਵੱਲੋਂ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਪਿੰਡਾਂ ਤੇ ਮੁਹੱਲਿਆਂ ਵਿੱਚ ਮਜ਼ਬੂਤੀ ਨਾਲ ਪਹੁੰਚਾਉਣ ਦਾ ਸੱਦਾ ਦੇਣਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਰਣਨੀਤੀ ਨੂੰ ਅੱਗੇ ਵਧਾਉਂਦਿਆਂ ਵਿਸ਼ੇਸ਼ ਪ੍ਰੋਗਰਾਮ ਜਿਵੇਂ ਕਿ ਚਾਹ ਤੇ ਚਰਚਾ, ਖੁੰਡਾਂ ਤੇ ਚਰਚਾ, ਛੱਪੜਾਂ ਤੇ ਚਰਚਾ, ਪਿੱਪਲਾਂ ਬੋਹੜਾਂ ਥੱਲ੍ਹੇ ਚਰਚਾ, ਬੱਸ ਅੱਡਿਆਂ ’ਤੇ ਚਰਚਾ, ਸਬਜ਼ੀ ਮੰਡੀ ’ਚ ਚਰਚਾ, ਚੌਰਾਹਇਆ ’ਚ ਚਰਚਾ ਆਦਿ ਪਾਰਟੀ ਲੀਡਰਸ਼ਿਪ ਨੂੰ ਸੌਂਪੇ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਆਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ। ਕਰੀਮਪੁਰੀ ਨੇ ਕਿਹਾ ਕਿ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦਾ ਸੰਦੇਸ਼ ਬਹੁਜਨ ਸਮਾਜ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨਾ ਹੈ ਜੋ ਪਾਰਟੀ ਲੀਡਰਸ਼ਿਪ ਤੱਕ ਪਹੁੰਚਾਇਆ ਗਿਆ ਅਤੇ ਪਾਰਟੀ ਦੇ ਆਰਦਸ਼ਾਂ ਤੇ ਉਦੇਸ਼ਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਉਜਾੜਨ ਵਾਲੇ ਬਨਾਮ ਪੰਜਾਬ ਨੂੰ ਸੰਭਾਲਣ ਵਾਲੇ ਮੁੱਦੇ ’ਤੇ ਚਰਚਾ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਾਲ 2027 ਵਿੱਚ ਪੰਜਾਬ ਦੇ ਅੰਦਰ ਦੋ ਧਿਰਾਂ ਵਿਚਕਾਰ ਯੁੱਧ ਹੋਵੇਗਾ। ‘ਪੰਜਾਬ ਸੰਭਾਲੋਂ ਮੁਹਿੰਮ’ ਦੇ ਮੁੱਖ ਟੀਚਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੁਸ਼ਹਾਲ ਪੰਜਾਬ ਦੀ ਸਿਰਜਣ ਲਈ ਕੁਝ ਏਜੰਡੇ ਤੈਅ ਕੀਤੇ ਗਏ ਹਨ ਜਿਵੇਂ ਕਿ ਨਸ਼ਾ ਮੁਕਤ ਪੰਜਾਬ ਭਾਵ ਪੰਜਾਬ ਦੀ ਜਵਾਨੀ ਨੂੰ ਡਰੱਗ ਮਾਫੀਏ ਦੇ ਮੂੰਹ ’ਚੋਂ ਕੱਢਣਾ, ਚੰਗੀ ਰੁਜ਼ਗਾਰ ਨੀਤੀ ਰਾਹੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ, ਸਿੱਖਿਆ ਕ੍ਰਾਂਤੀ ਰਾਹੀਂ ਸਕੂਲਾਂ ਵਿਚ 100 ਫੀਸਦੀ ਅਧਿਆਪਕਾਂ ਦੀ ਮੌਜੂਦਗੀ ਯਕੀਨੀ ਬਣਾਉਣਾ, ਸਿਹਤ ਸੇਵਾਵਾਂ ਵਿਚ ਵੱਡੇ ਸੁਧਾਰ ਲਿਆਉਣਾ, ਪੰਜਾਬ ਨੂੰ ਕਰਜ਼ਾ ਮੁਕਤ ਸੂਬਾ ਬਣਾਉਣਾ, ਖੇਤ ਮਜ਼ਦੂਰਾਂ ਨੂੰ ਆਤਮ ਨਿਰਭਰ ਜ਼ਿੰਦਗੀ ਦੇਣਾ ਆਦਿ। ਇਸ ਮੌਕੇ ਬਲਜੀਤ ਸਿੰਘ ਸਲਾਣਾ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ ਭਾਮੀਆ, ਹਰਜਿੰਦਰ ਸਿੰਘ, ਧਰਮਿੰਦਰ ਸਿੰਘ, ਮਨਜੀਤ ਸਿੰਘ, ਰਵਿੰਦਰਪਾਲ ਸਿੰਘ, ਸਿੰਦਰਪਾਲ ਸਿੰਘ, ਦਲਵੀਰ ਸਿੰਘ, ਡਾ.ਅਵਤਾਰ ਸਿੰਘ ਆਦਿ ਹਾਜ਼ਰ ਸਨ।
