ਬਸਪਾ ਵੱਲੋਂ ਮਨੂੰਵਾਦੀ ਵਿਚਾਰਧਾਰਾ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ
ਬਹੁਜਨ ਸਮਾਜ ਪਾਰਟੀ ਹਲਕਾ ਜਗਰਾਉਂ ਦੀ ਮੀਟਿੰਗ ਅੱਜ ਨੇੜਲੇ ਪਿੰਡ ਗਾਲਿਬ ਰਣ ਸਿੰਘ ਵਿਚ ਹਲਕਾ ਪ੍ਰਧਾਨ ਰਛਪਾਲ ਸਿੰਘ ਗਾਲਿਬ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਬਸਪਾ ਆਗੂਆਂ ਨੇ ਦੇਸ਼ ਵਿੱਚ ਦਲਿਤਾਂ ’ਤੇ ਵਧ ਰਹੇ ਅੱਤਿਆਚਾਰ ਤੇ ਵਿਤਕਰੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਨੂੰਵਾਦੀ ਵਿਚਾਰਧਾਰਾ ਨੂੰ ਕੁਚਲਣ ਲਈ ਸਾਰੇ ਦਲਿਤ ਸਮਾਜ ਨੂੰ ਇਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਪ੍ਰਧਾਨ ਰਛਪਾਲ ਗਾਲਿਬ ਨੇ ਦੋਸ਼ ਲਾਇਆ ਇਸ ਸਭ ਨੂੰ ਪੁਸ਼ਤਪਨਾਹੀ ਕੇਂਦਰ ਦੀ ਮੌਜੂਦਾ ਮੋਦੀ ਸਰਕਾਰ ਕਰ ਰਹੀ ਹੈ।
ਇਸ ਸਮੇਂ ਹੋਰਨਾਂ ਪਾਰਟੀਆਂ ਨਾਲ ਜੁੜੇ ਕੁਝ ਕਾਰਕੁਨ ਬਸਪਾ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਹਲਕਾ ਪ੍ਰਧਾਨ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ। ਰਛਪਾਲ ਗਾਲਿਬ ਨੇ ਚੀਫ਼ ਜਸਟਿਸ ਬੀਆਰ ਗਵੱਈ ਦੀ ਘਟਨਾ ਅਤੇ ਹਰਿਆਣਾ ਸੂਬੇ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਸਕੱਤਰ ਲਖਵੀਰ ਸਿੰਘ, ਸੁਖਜੀਤ ਸਿੰਘ ਖਾਲਸਾ, ਪਰਦੀਪ ਸਿੰਘ ਪੰਚ, ਭਗਵੰਤ ਸਿੰਘ, ਕਰਮਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਬਹੁਜਨ ਸਮਾਜ ਨੂੰ ਮਨੂੰਵਾਦ ਦਾ ਟਾਕਰਾ ਕਰਨ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਜੋ ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਬਚਾਇਆ ਜਾ ਸਕੇ।