ਗੁਰੂ ਨਾਨਕ ਕਾਲਜ ’ਚ ਪੁਸਤਕ ਮੇਲਾ ਕਰਵਾਇਆ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਕਾਲਜ ਦੇ ਸਥਾਪਨਾ ਦਿਵਸ ਅਤੇ ਬਾਨੀ ਪ੍ਰਧਾਨ ਡਾ. ਈਸ਼ਵਰ ਸਿੰਘ ਦੇ ਜਨਮ ਦਿਨ ਮੌਕੇ ਦੋ ਰੋਜ਼ਾ ਪੁਸਤਕ ਮੇਲਾ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਸਟਾਫ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਦਾ ਮੁੱਖ ਉਦੇਸ਼ ਇਲਾਕੇ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਸਾਹਿਤਕ ਰੁਚੀਆਂ ਵਿਕਸਿਤ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਵੱਖ-ਵੱਖ ਪ੍ਰਕਾਸ਼ਕਾਂ ਦੁਆਰਾ ਲਿਖੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ ਅਤੇ ਨਾਲ ਹੀ ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਉਚਾਰਨ ਕਰਕੇ ਸਾਹਿਤਕ ਰੰਗ ਬੰਨ੍ਹਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਐੱਸ ਡੀ ਐੱਮ ਪ੍ਰਦੀਪ ਸਿੰਘ ਬੈਂਸ, ਡੀ ਐੱਸ ਪੀ ਜਸਵਿੰਦਰ ਸਿੰਘ ਖਹਿਰਾ, ਤਹਿਸੀਲਦਾਰ ਗੁਰਪ੍ਰੀਤ ਸਿੰਘ ਅਤੇ ਨਵਨੀਤ ਸਿੰਘ ਮਾਂਗਟ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਤਾਬਾਂ ਮਨ ਨੂੰ ਸ਼ਾਂਤ ਕਰਨ ਅਤੇ ਗਿਆਨ ਪ੍ਰਾਪਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਹਰਜੀਵਨਪਾਲ ਸਿੰਘ ਗਿੱਲ, ਰੁਪਿੰਦਰ ਕੌਰ ਬਰਾੜ ਅਤੇ ਪ੍ਰਿੰਸੀਪਲ ਡਾ.ਡੀਪੀ ਠਾਕੁਰ ਨੇ ਕਾਲਜ ਸੰਸਥਾਪ ਡਾ. ਈਸ਼ਵਰ ਸਿੰਘ ਦੇ ਬੁੱਤ ਨੂੰ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਮੇਲੇ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਡਾ. ਸੋਮਪਾਲ ਹੀਰਾ ਦੁਆਰਾ ਨਿਰਦੇਸ਼ਿਤ ਨਾਟਕ ‘ਬੱਚੇ ਜੋ ਬਚੇ ਨਹੀਂ’ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਜੋਗੇਸ਼ਵਰ ਸਿੰਘ ਮਾਂਗਟ, ਰਵਿੰਦਰ ਸਿੰਘ ਮਲਹਾਂਸ, ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਜਸਵੀਰ ਸਿੰਘ ਝੱਜ, ਮਦਨ ਭੰਡਾਰੀ, ਹਰਜਿੰਦਰ ਸਿੰਘ ਲੋਪੋਂ, ਗੁਰਵਿੰਦਰ ਸਿੰਘ ਰਾਣਾ, ਜੀਤ ਸਿੰਘ ਕੈਂਥ ਹਾਜ਼ਰ ਸਨ।
