ਸਰਕਾਰੀ ਕਾਲਜ ਵਿੱਚ ਪੁਸਤਕ ਮੇਲਾ ਲਾਇਆ
ਇਥੋਂ ਦੇ ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਵਿੱਚ ਦੋ ਰੋਜ਼ਾ ਪੁਸਤਕ ਮੇਲਾ ਲਾਇਆ ਗਿਆ। ਪੁਸਤਕ ਮੇਲੇ ਦਾ ਉਦਘਾਟਨ ਕਾਲਜ ਡਾਇਰੈਕਟਰ ਪ੍ਰੋ. ਗੁਰਜਿੰਦਰ ਕੌਰ ਬਰਾੜ ਨੇ ਕੀਤਾ। ਡਾਇਰੈਕਟਰ ਬਰਾੜ ਨੇ ਕਿਹਾ ਕਿ ਕਿਤਾਬਾਂ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਵਿਕਸਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਤਾਬ ਮੇਲੇ ਨੂੰ ਗਿਆਨ ਵਧਾਉਣ ਦੀ ਮਹੱਤਵਪੂਰਨ ਕੜੀ ਵਜੋਂ ਦਰਸਾਇਆ। ਇਹ ਪੁਸਤਕ ਮੇਲਾ ਕਾਲਜ ਦੇ ਲਾਇਬ੍ਰੇਰੀਅਨ ਨੌਰੀਨ ਅਸ਼ਰਫ, ਹਰਪ੍ਰੀਤ ਕੌਰ, ਡਾ. ਗੀਤਾਂਜਲੀ ਚੋਪੜਾ, ਜਸਪ੍ਰੀਤ ਕੌਰ, ਅਮਨਦੀਪ ਕੌਰ ਵਲੋਂ ਰਾਇਨੋ ਇੰਟਰਨੈਸ਼ਨਲ ਲੁਧਿਆਣਾ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਮੌਕੇ ਕਾਲਜ ਵਿੱਚ ਪੁਸਤਕ ਪ੍ਰਦਰਸ਼ਨੀਵੀ ਲਗਾਈ ਗਈ। ਕਿਤਾਬ ਮੇਲੇ ਵਿੱਚ ਪ੍ਰਸਿੱਧ ਸਾਹਿਤਕ, ਵਿਗਿਆਨਕ, ਸਮਾਜਿਕ, ਇਤਿਹਾਸਕ, ਰਾਜਨੀਤਕ, ਸਮਕਾਲੀ, ਤਕਨਾਲੋਜੀ, ਪ੍ਰੀਖਿਆਵਾਂ ਸਬੰਧੀ ਕਿਤਾਬਾਂ ਅਤੇ ਮੈਗਜ਼ੀਨਾਂ ਦੀ ਭਰਮਾਰ ਸੀ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਵਿੱਚ ਦਿਲਚਸਪੀ ਦਿਖਾਈ ਅਤੇ ਖਰੀਦਦਾਰੀ ਕੀਤੀ। ਵਾਈਸ ਡਾਇਰੈਕਟਰ ਨਿਧੀ ਮਹਾਜਨ ਨੇ ਕਿਹਾ ਕਿ ਪੁਸਤਕਾਂ ਮਨੁੱਖੀ ਵਿਕਾਸ ਦਾ ਅਹਿਮ ਸਾਧਨ ਹਨ। ਇਸ ਤਰ੍ਹਾਂ ਦੇ ਮੇਲੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਪ੍ਰੇਰਨਾ ਦੇ ਨਾਲ-ਨਾਲ ਉਨ੍ਹਾਂ ਦੇ ਬੌਧਿਕ ਗਿਆਨ ਵਿੱਚ ਵਾਧਾ ਕਰਦੇ ਹਨ। ਅੱਜ ਸਮਾਪਤੀ ਮੌਕੇ ਡਾਇਰੈਕਟਰ ਬਰਾੜ ਦੇ ਨਾਲ ਬਾਕੀ ਸਟਾਫ਼ ਹਾਜ਼ਰ ਸੀ।
