ਪੁਸਤਕ ਮੇਲਾ: ਦਲਵੀਰ ਲੁਧਿਆਣਵੀ ਦਾ ਨਾਵਲ ‘ਜੁਝਾਰੂ’ ਰਿਲੀਜ਼
ਇਸ ਮੌਕੇ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਹਰ ਕਿਤਾਬ ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਨਾਵਲ ‘ਜੁਝਾਰੂ’ ਵਿਚਲਾ ਹਰੇਕ ਪਾਤਰ ਜ਼ਿੰਦਗੀ ਨੂੰ ਚੰਗੇਰਾ ਤੇ ਸੇਧਿਤ ਬਣਾਉਣ ਪ੍ਰਤੀ ਸੰਘਰਸ਼ਸ਼ੀਲ ਹੈ। ਜੰਗ ਬਹਾਦਰ ਗੋਇਲ ਨੇ ਕਿਹਾ ਕਿ ਕਿਤਾਬ ਖੋਲ੍ਹਦਿਆਂ ਹੀ ਪਾਠਕ ਹੋਰ ਸੰਸਾਰ ਵਿੱਚ ਪਹੁੰਚ ਜਾਂਦਾ ਹੈ। ‘ਜੁਝਾਰੂ’ ਨਾਵਲ ਕਰਮਸ਼ੀਲ ਬੱਚਿਆਂ ਦੀ ਗਾਥਾ ਹੈ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਇਹ ਨਾਵਲ ਨਵੀਂ ਪੀੜ੍ਹੀ ਦੇ ਰਾਹਾਂ ਵਿਚ ਸੁਚੇਤਤਾ ਦੇ ਬੀਜ ਬੀਜਦਾ ਹੋਇਆ ਜੀਵਨ-ਪੱਧਰ ਨੂੰ ਉੱਚਾ ਕਰਦਾ ਹੈ, ਜਿਸ ਲਈ ਨਾਵਲਕਾਰ ਵਧਾਈ ਦਾ ਪਾਤਰ ਹੈ। ਡਾ. ਪੰਧੇਰ ਨੇ ਕਿਹਾ ਕਿ ਗਿਆਨਮਈ ਤੇ ਸਮਾਜ ਸੁਧਾਰਕ ਆਸ਼ੇ ਵਾਲਾ ਇਹ ਨਾਵਲ ਪਾਠਕਾਂ ਨੂੰ ਮਾਨਵਵਾਦੀ ਹੋਣ ਦੀ ਪ੍ਰੇਰਨਾ ਦਿੰਦਾ ਹੈ। ਤ੍ਰੈਲੋਚਨ ਲੋਚੀ ਨੇ ਕਿਹਾ ਕਿ ‘ਜੁਝਾਰੂ’ ਨਾਵਲ ਸੱਜਰੇ ਗੁਲਾਬ ਵਾਂਗ ਹੈ, ਜਿਸ ਨੂੰ ਪਾਠਕ ਵਾਰ-ਵਾਰ ਪੜ੍ਹਨਗੇ। ਡਾ. ਸਿਰਸਾ ਨੇ ਕਿਹਾ ਕਿ ‘ਜੁਝਾਰੂ’ ਨਾਵਲ ‘ਮਾਨਸ ਜਾਤ’ ਇਕ ਸਮਝਣ ਦੇ ਵਾਕ ’ਤੇ ਖਰਾ ਉਤਰਦਾ ਹੈ। ਦਲਵੀਰ ਸਿੰਘ ਲੁਧਿਆਣਵੀ ਨੇ ਵੀ ਨਾਵਲ ’ਤੇ ਆਪਣੇ ਵਿਚਾਰ ਵੀ ਰੱਖੇ।
