ਪੁਸਤਕ ‘ਵੈਰਾਗ ਅਤੇ ਬਲਿਦਾਨ ਦਾ ਚਾਂਦਨੀ ਚੌਕ’ ਲੋਕ ਅਰਪਣ
ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਿੱਖਾਂ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਦੀ ਯਾਦ ਵਿੱਚ ਐੱਸ ਸੀ ਡੀ ਕਾਲਜ ਦੇ ਸਾਬਕਾ ਵਿਦਿਆਰਥੀ ਬ੍ਰਿਜ ਭੂਸ਼ਣ ਗੋਇਲ ਵੱਲੋਂ ਸੰਪਾਦਿਤ ਪੁਸਤਕ ‘ਵੈਰਾਗ ਅਤੇ ਬਲਿਦਾਨ ਦਾ ਚਾਂਦਨੀ ਚੌਕ’ ਕਾਲਜ ਵਿੱਚ ਲੋਕ ਅਰਪਣ ਕੀਤੀ ਗਈ। ਕਾਲਜ ਪ੍ਰਿੰਸੀਪਲ ਗੁਰਸ਼ਰਨਜੀਤ ਸਿੰਘ ਸੰਧੂ ਨੇ ਬ੍ਰਿਜ ਭੂਸ਼ਣ ਗੋਇਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਨੇ ਕਈ ਨਿਬੰਧਾਂ ਦਾ ਸੰਪਾਦਨ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ਪੁਸਤਕ ਸਾਨੂੰ ਉਸ ਇਤਿਹਾਸਕ ਪਲ ਨਾਲ ਜੋੜਦੀ ਹੈ ਜਦੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਧਰਮ ਦੀ ਰੱਖਿਆ ਲਈ ਸਵੈ-ਕੁਰਬਾਨ ਕੀਤਾ ਸੀ।’ ਇਸ ਮੌਕੇ ਐੱਫ ਐੱਮ ਗੋਲਡ ਏ ਆਈ ਆਰ ਦੇ ਸਾਬਕਾ ਡਾਇਰੈਕਟਰ ਤੇ ਕਾਲਜ ਦੇ ਸਾਬਕਾ ਵਿਦਿਆਰਥੀ ਨਵਦੀਪ ਸਿੰਘ, ਪੀ ਐੱਨ ਬੀ ਦੇ ਸਾਬਕਾ ਡੀ ਜੀ ਐੱਮ ਕੇ ਬੀ ਸਿੰਘ, ਕੈਪਟਨ ਅਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਡਾਇਰੈਕਟਰ ਖਾਲਸਾ ਦੀਵਾਨ ਡਾ. ਮੁਕਤੀ ਗਿੱਲ ਨੇ ਕਿਹਾ ਕਿ ਅਜਿਹੀ ਪੁਸਤਕ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਰਚਨਾ ਦੇ ਸੰਪਾਦਨ ਵਿੱਚ ਲੇਖਕ ਦਾ ਸਮਰਪਣ ਸਪੱਸ਼ਟ ਅਨੁਭਵ ਹੁੰਦਾ ਹੈ। ਇਤਿਹਾਸ ਅਤੇ ਅਧਿਆਤਮਿਕਤਾ ਦਾ ਸੰਤੁਲਨ ਇਸ ਪੁਸਤਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਵੀ ਵੱਖ-ਵੱਖ ਲੇਖਾਂ ਦਾ ਸੰਗ੍ਰਹਿ ਤਿਆਰ ਕਰਨ ਵਾਲੇ ਲੇਖਕ ਸ੍ਰੀ ਗੋਇਲ ਦੀ ਸ਼ਲਾਘਾ ਕੀਤੀ। ਸ੍ਰੀ ਗੋਇਲ ਨੇ ਦੱਸਿਆ ਕਿ ਇਹ ਪੁਸਤਕ ਹਿੰਦੀ ਵਿੱਚ ਹੈ, ਇਸ ਲਈ ਪੰਜਾਬ ਤੋਂ ਬਾਹਰਲੇ ਲੋਕ ਵੀ ਸੱਚ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਖਾਤਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵੋਤਮ ਵੈਰਾਗ ਅਤੇ ਸ਼ਾਹਦਤ ਨੂੰ ਜਾਣ ਸਕਣਗੇ। ਇਸ ਮੌਕੇ ਅਧਿਆਪਕ ਪ੍ਰੋ. ਹਰਮੀਤ ਕੌਰ ਝੱਜ, ਪ੍ਰੋ. ਅਮਿਤਾ, ਪ੍ਰੋ. ਗੀਤਾਂਜਲੀ ਪਬਰੇਜਾ, ਪ੍ਰੋ. ਨਿਸ਼ੀ ਅਰੋੜਾ, ਡਾ. ਸੌਰਭ ਕੁਮਾਰ ਅਤੇ ਪ੍ਰੋ. ਪਰਮਜੀਤ ਚੰਦਰ ਅਤੇ ਕਾਲਜ ਲਾਇਬ੍ਰੇਰੀਅਨ ਭਰਪੂਰ ਸਿੰਘ ਹਾਜ਼ਰ ਸਨ।
