ਪੰਜ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼
ਸ਼ਹਿਰ ਦੇ ਅਗਵਾੜ ਖਵਾਜਾ ਬਾਜੂ ਦੇ ਨੌਜਵਾਨ ਤਰੁਨ ਸ਼ਰਮਾ (24) ਦੀ ਲਾਸ਼ ਅਖਾੜਾ ਨਹਿਰ ਵਿੱਚੋਂ ਮਿਲੀ ਹੈ। ਇਹ ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਭੇਤ-ਭਰੇ ਹਾਲਾਤ ’ਚ ਲਾਪਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਤਰੁਨ ਬੀਤੇ ਮੰਗਲਵਾਰ ਬਾਅਦ ਦੁਪਾਹਿਰ ਘਰ ਤੋਂ ਮੋਟਰਸਾਈਕਲ ’ਤੇ ਕਿੱਧਰੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਭਾਲ ਕਰਨ ’ਤੇ ਜਦੋਂ ਉਸ ਦੀ ਕੋਈ ਸੂਹ ਨਾ ਮਿਲੀ ਤਾਂ ਪਰਿਵਾਰ ਨੇ ਥਾਣਾ ਸ਼ਹਿਰੀ ਦੀ ਪੁਲੀਸ ਕੋਲ ਤਰੁਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਇਸ ਦੌਰਾਨ ਬੀਤੇ ਬੁੱਧਵਾਰ ਨੂੰ ਤਰੁਨ ਦਾ ਮੋਟਰਸਾਈਕਲ ਅਖਾੜਾ ਨਹਿਰ ’ਤੇ ਬਣੇ ਗੁਰਦੁਆਰੇ ਬਾਹਰੋਂ ਮਿਲਿਆ ਸੀ ਜਿਸ ਮਗਰੋਂ ਪਰਿਵਾਰ ਨੂੰ ਉਸ ਨਾਲ ਕੋਈ ਅਣਹੋਣੀ ਵਾਪਰੇ ਹੋਣ ਦਾ ਖਦਸ਼ਾ ਜਾਗਿਆ। ਉਨ੍ਹਾਂ ਆਪਣੇ ਤੌਰ ’ਤੇ ਤਰੁਨ ਦੀ ਸਾਰੇ ਇਲਾਕੇ ਵਿੱਚ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਾ। ਇਸ ਮਗਰੋਂ ਬੀਤੀ ਦੇਰ ਸ਼ਾਮ ਤਰੁਨ ਦੀ ਲਾਸ਼ ਅਖਾੜਾ ਨਹਿਰ ਵਿੱਚ ਤਰਦੀ ਦਿਖਾਈ ਦਿੱਤੀ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਾਹਰ ਕੱਢੀ ਗਈ। ਤਰੁਨ ਦੀ ਮ੍ਰਿਤਕ ਦੇਹ ਜਦੋਂ ਬਾਹਰ ਕੱਢੀ ਗਈ ਤਾਂ ਉਸ ਦੀ ਗਰਦਨ ’ਤੇ ਸੱਟ ਦੇ ਨਿਸ਼ਾਨ ਦਿਖਾਈ ਦਿੱਤੇ ਤੇ ਉਸ ਦੀ ਜੀਭ ਵੀ ਬਾਹਰ ਨਿਕਲੀ ਹੋਈ ਸੀ। ਉਸ ਦੀ ਇਹ ਹਾਲਤ ਵੇਖ ਕੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕਿਸੇ ਨੇ ਤਰੁਨ ਦਾ ਕਤਲ ਕੀਤਾ ਹੈ ਤੇ ਮਗਰੋਂ ਉਸ ਦੇ ਕੱਪੜੇ ਲਾਹ ਕੇ ਨਹਿਰ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਕੋਰੀਅਰ ਸਰਵਿਸ ਤੋਂ ਇਲਾਵਾ ਲੋਨ ਦੀਆਂ ਕਿਸ਼ਤਾਂ ਉਗਰਾਉਣ ਦਾ ਕੰਮ ਕਰਦਾ ਸੀ ਅਤੇ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਪੁਲੀਸ ਨੇ ਬੀਤੀ ਸ਼ਾਮ ਹੀ ਲਾਸ਼ ਸਥਾਨਕ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਸੀ ਤੇ ਅੱਜ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀ ਪਰਮਿੰਦਰ ਸਿੰਘ ਨੇ ਆਖਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਜਾਂਚ ਅੱਗੇ ਵਧਾਈ ਜਾਵੇਗੀ।