ਮੁੱਲਾਂਪੁਰ ਰੇਲਵੇ ਲਾਈਨਾਂ ਨੇੜਿਓਂ ਨੌਜਵਾਨ ਦੀ ਲਾਸ਼ ਮਿਲੀ
ਇਥੇ ਰੇਲਵੇ ਲਾਈਨਾਂ ਨਜ਼ਦੀਕ ਖੇਤਾਂ ਵਾਲੇ ਪਾਸੇ ਭੇਤ-ਭਰੀ ਹਾਲਤ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲਣ ਕਰਕੇ ਦਹਿਸ਼ਤ ਫੈਲ ਗਈ। ਲੋਕਾਂ ਨੇ ਮੌਕੇ ’ਤੇ ਰੇਲਵੇ ਪੁਲੀਸ ਅਤੇ ਥਾਣਾ ਦਾਖਾ ਦੀ ਪੁਲੀਸ ਨੂੰ ਸੂਚਨਾ ਦਿੱਤੀ ਜਿਸ ਦੇ ਮੁਲਾਜ਼ਮ ਕੁਝ ਦੇਰ ਅੰਦਰ ਉਥੇ ਪਹੁੰਚ ਗਏ। ਖ਼ਬਰ ਲਿਖੇ ਜਾਣ ਤਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਸੀ ਹੋ ਸਕੀ। ਥਾਣਾ ਦਾਖਾ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਖੇਤਾਂ ਵਾਲੇ ਪਾਸੇ ਅੱਜ ਸਵੇਰੇ ਗਏ ਤਾਂ ਉਥੇ ਨੌਜਵਾਨ ਦੀ ਲਾਸ਼ ਪਈ ਦੇਖੀ। ਦੇਖਣ ਤੋਂ ਮ੍ਰਿਤਕ ਪਰਵਾਸੀ ਮਜ਼ਦੂਰ ਜਾਪਦਾ ਹੈ। ਉਸਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਮਗਰੋਂ ਸਾਹਮਣੇ ਆਵੇਗਾ। ਦੁਪਹਿਰ ਤਕ ਰੇਲਵੇ ਪੁਲੀਸ ਅਤੇ ਥਾਣਾ ਦਾਖਾ ਦੀ ਪੁਲੀਸ ਹੱਦਬੰਦੀ ਦੇ ਚੱਕਰ ਵਿੱਚ ਉਲਝੀ ਰਹੀ ਜਿਸ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਨਹੀਂ ਲਿਆ ਜਾ ਸਕਿਆ। ਜਦੋਂ ਜੀ ਆਰ ਪੀ ਦੇ ਇੰਚਾਰਜ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਹੱਦ ਵਿੱਚ ਨਹੀਂ ਆਉਂਦਾ। ਫਿਰ ਵੀ ਉਨ੍ਹਾਂ ਜਗਰਾਉਂ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਹੈ। ਜਦੋਂ ਡੀ ਐੱਸ ਪੀ ਦਾਖਾ ਵਰਿੰਦਰ ਸਿੰਘ ਖੋਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਥਾਣਾ ਦਾਖਾ ਦੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਮ੍ਰਿਤਕ ਦੇਹ ਨੂੰ ਸਨਾਖ਼ਤ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।
