ਸ਼ੱਕੀ ਹਾਲਾਤ ਵਿੱਚ ਨੌਜਵਾਨ ਦੀ ਲਾਸ਼ ਮਿਲੀ
ਥਾਣਾ ਲਾਡੋਵਾਲ ਅਧੀਨ ਪੈਂਦੇ ਪਿੰਡ ਤਲਵੰਡੀ ਦੇ ਖੇਤ ਵਿੱਚੋਂ ਅੱਜ ਇੱਕ ਨੌਜਵਾਨ ਦੀ ਲਾਸ਼ ਮਿਲੀ। ਰਾਹਗੀਰਾਂ ਨੇ ਲਾਸ਼ ਦੇਖ ਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਤੇ ਉਥੋਂ ਕਿਸੇ ਨੇ ਥਾਣਾ ਲਾਡੋਵਾਲ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਮਿਲੀ। ਲਾਸ਼ ਕੋਲ ਕੁਝ ਟੀਕੇ ਵੀ ਪਏ ਮਿਲੇ ਹਨ, ਜੋ ਪੁਲੀਸ ਨੇ ਆਪਣੇ ਕਬਜ਼ੇ ਹੇਠ ਲੈ ਲਏ ਹਨ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਨੌਜਵਾਨ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਮੌਕੇ ’ਤੇ ਹਾਲਾਤ ਦੇਖ ਕੇ ਪੁਲੀਸ ਨੂੰ ਸ਼ੱਕ ਹੈ ਕਿ ਨੌਜਵਾਨ ਦੀ ਮੌਤ ਜ਼ਿਆਦਾ ਨਸ਼ਾ ਕਰਨ ਕਾਰਨ ਹੋਈ ਹੈ। ਥਾਣਾ ਲਾਡੋਵਾਲ ਦੀ ਐੱਸਐੱਚਓ ਇੰਸਪੈਕਟਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਕਈ ਲੋਕਾਂ ਤੋਂ ਪੁੱਛ-ਪੜਤਾਲ ਵੀ ਕੀਤੀ ਗਈ ਪਰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਕੋਲੋਂ ਮਿਲੇ ਟੀਕਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।