ਬੁੱਢੇ ਨਾਲੇ ਦੀ ਸੁਰਜੀਤੀ ਵਿੱਚ ਅੜਿੱਕਾ ਬਣੇ ਟ੍ਰੀਟਮੈਂਟ ਪਲਾਂਟ
ਸਨਅਤੀ ਸ਼ਹਿਰ ਲੁਧਿਆਣਾ ਦੀ ਧੁੰਨੀ ਵਿੱਚੋਂ ਨਿਕਲਦੇ ਬੁੱਢੇ ਦਰਿਆ ਨੂੰ ਟ੍ਰੀਟਮੈਂਟ ਪਲਾਂਟਾਂ ਵਿੱਚੋਂ ਨਿਕਲਦਾ ਕਾਲਾ ਪਾਣੀ ਮੁੜ ਬੁੱਢਾ ਨਾਲ ਰਿਆ ਬਣਨ ਲਈ ਮਜਬੂਰ ਕਰ ਰਿਹੈ। ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰ, ਜ਼ਿਲ੍ਹਾ ਪ੍ਰਸਾਸ਼ਨ, ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਵਾਤਾਵਰਣ ਹਮਾਇਤੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਘਾਲਣਾ ਘਾਲੀ ਜਾ ਰਹੀ ਹੈ।
ਕਦੇ ਸਾਫ ਪਾਣੀ ਦੇ ਸੋਮੇ ਵਜੋਂ ਲੁਧਿਆਣਵੀਆਂ ਦੇ ਤਿੱਥੀ ਤਿਉਹਾਰਾਂ ਮੌਕੇ ਅਹਿਮ ਮੰਨਿਆਂ ਜਾਂਦਾ ਬੁੱਢਾ ਦਰਿਆ ਅੱਜ ਬੁੱਢਾ ਨਾਲਾ ਬਣ ਚੁੱਕਾ ਹੈ। ਇਸ ਦੀ ਪੁਨਸੁਰਜੀਤੀ ਲਈ ਪਿਛਲੇ ਸਮੇਂ ਦੌਰਾਨ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਹੁਣ ਵੀ ਇਸ ਪ੍ਰਾਜੈਕਟ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਪਰ ਸਨਅਤੀ ਇਕਾਈਆਂ, ਡਾਇੰਗਾਂ ਆਦਿ ਵਿੱਚੋਂ ਨਿਕਲਦਾ ਪ੍ਰਦੂਸ਼ਿਤ ਅਤੇ ਕਾਲਾ ਪਾਣੀ ਬੁੱਢੇ ਨਾਲੇ ਨੂੰ ਦੁਬਾਰਾ ਬੁੱਢਾ ਦਰਿਆ ਬਣਨ ਨਹੀਂ ਦੇ ਰਿਹਾ।
ਸਥਾਨਕ ਤਾਜਪੁਰ ਰੋਡ ’ਤੇ ਪੈਂਦੇ ਬੁੱਢੇ ਦਰਿਆ ਵਿੱਚ ਵੱਖ-ਵੱਖ ਟ੍ਰੀਟਮੈਂਟਾਂ ਵਿੱਚੋਂ ਪਾਣੀ ਹੋ ਕੇ ਆਉਂਦਾ ਹੈ। ਇਸ ਪਾਣੀ ਦਾ ਰੰਗ ਭਾਵੇਂ ਪਿਛਲੇ ਸਮੇਂ ਦੇ ਮੁਕਾਬਲੇ ਕਾਲੇ ਨਾਲੋਂ ਕੁੱਝ ਹਲਕਾ ਹੋਇਆ ਹੈ ਪਰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਨਹੀਂ ਹੋ ਸਕਿਆ। ਇਸ ਥਾਂ ’ਤੇ ਹੀ ਪਿਛਲੇ ਸਾਲ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਸ਼ਨਾਨ ਘਾਟ ਵੀ ਬਣਾਇਆ ਗਿਆ ਸੀ ਤਾਂ ਜੋ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਸ-ਪਾਸ ਦੇ ਲੋਕਾਂ ਅਤੇ ਉਦਯੋਗਿਕ ਇਕਾਈਆਂ ਨਾਲ ਸਬੰਧਤ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਇਸ਼ਨਾਨ ਘਾਟ ਤੋਂ ਪਿੱਛੇ ਤੱਕ ਮਿੱਟੀ ਰੰਗਾ ਸਾਫ ਪਾਣੀ ਦੇਖਿਆ ਜਾ ਸਕਦਾ ਹੈ। ਬੁੱਢੇ ਦਰਿਆ ਦੀ ਪੁਨਰਸੁਰਜੀਤੀ ਲਈ ਇਸ ਦੇ ਨੇੜੇ ਬਣੇ ਡੇਅਰੀ ਕੰਪਲੈਕਸ ਵਿੱਚੋਂ ਆਉਂਦਾ ਗੋਹੇ ਵਾਲਾ ਪਾਣੀ ਸਾਫ ਕਰਨ ਲਈ ਆਰਜੀ ਛੱਪੜ ਤੱਕ ਬਣਾ ਦਿੱਤੇ ਗਏ ਹਨ। ਕਈ ਡੇਅਰੀ ਵਾਲਿਆਂ ਦੇ ਚਲਾਨ ਤੱਕ ਕੱਟ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬੁੱਢੇ ਦਰਿਆ ਵਿੱਚੋਂ ਗਾਰ ਕੱਢ ਕੇ ਦੋਵਾਂ ਪਾਸੇ ਸੜ੍ਹਕ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ। ਬਾਬਾ ਸੀਚੇਵਾਲ ਵੱਲੋਂ ਕੀਤੇ ਇਸ ਉਪਰਾਲੇ ਸਦਕਾ ਬਰਸਾਤੀ ਮੌਸਮ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਬੁੱਢੇ ਦਰਿਆ ਦੇ ਓਵਰਫਲੋਅ ਘੱਟ ਹੋਇਆ ਹੈ। ਦੂਜੇ ਪਾਸੇ ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਇਸ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਲਈ ਆਪਣੇ ਪੱਧਰ ’ਤੇ ਹੰਭਲੇ ਮਾਰੇ ਜਾ ਰਹੇ ਹਨ। ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕੀਤੇ ਜਾ ਰਹੇ ਹਨ। ਸਮੇਂ ਸਮੇਂ ’ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤੇ ਕਰਵਾਇਆ ਜਾ ਰਿਹਾ ਹੈ।