ਬੀਕੇਯੂ (ਉਗਰਾਹਾਂ) ਦੇ ਆਗੂਆਂ ਵੱਲੋਂ ਸਤਲੁਜ ਨੇੜਲੇ ਪਿੰਡਾਂ ਦਾ ਦੌਰਾ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਅੱਜ ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਹੜ੍ਹਾਂ ਦੌਰਾਨ ਪਾਣੀ ਦੀ ਪਈ ਮਾਰ ਦਾ ਜਾਇਜ਼ਾ ਲਿਆ। ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਆਈ ਇਸ ਜ਼ਿਲ੍ਹਾ ਪੱਧਰੀ ਟੀਮ ਵਿੱਚ ਰਾਜਿੰਦਰ ਸਿੰਘ ਸਿਆੜ, ਮਨੋਹਰ ਸਿੰਘ ਕਲਾੜ, ਚਰਨਜੀਤ ਸਿੰਘ ਫਲੇਵਾਲ ਤੇ ਹਰਜੀਤ ਸਿੰਘ ਘਲੋਟੀ ਵਰਗੇ ਆਗੂ ਸ਼ਾਮਲ ਸਨ। ਪਿੰਡ ਬਹਾਦਰ ਕੇ, ਬਾਗੀਆਂ, ਸ਼ੇਰੇਵਾਲ ਤੇ ਮੱਦੇਪੁਰਾ ਦਾ ਦੌਰਾ ਕਰਨ ਸਮੇਂ ਇਹ ਕਿਸਾਨ ਆਗੂ ਪੀੜਤ ਪਰਿਵਾਰਾਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਤਕਰੀਬਨ 1100 ਏਕੜ ਫ਼ਸਲ ਪਾਣੀ ਨਾਲ ਤਬਾਹ ਹੋ ਗਈ ਹੈ। ਪੀੜਤ ਪਰਿਵਾਰਾਂ ਲਈ ਪਹਿਲਾਂ ਇਨ੍ਹਾਂ ਪਿੰਡਾਂ ਨੂੰ ਰਾਸ਼ਨ ਤੇ ਹਰੇ ਚਾਰੇ ਦਾ ਪ੍ਰਬੰਧ ਕੀਤਾ ਅਤੇ ਹੁਣ ਉਨ੍ਹਾਂ ਦੀ ਜ਼ਮੀਨ ਨੂੰ ਪੱਧਰ ਕਰਨ ਤੋਂ ਲੈ ਕੇ ਠੀਕ ਕਰਨ ਤਕ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਹਾਇਆ ਰਾਸ਼ੀ ਦੇਵੇ। ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕਣਕ ਬੀਜਣ ਤਕ ਕਿਸਾਨਾਂ ਦੀ ਹਰ ਸੰਭਵ ਕੋਸ਼ਿਸ਼ ਕਰਕੇ ਯੋਗਦਾਨ ਪਾਇਆ ਜਾਵੇਗਾ।
ਮੀਡੀਆ ਨਾਲ ਗੱਲਬਾਤ ਸਮੇਂ ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਗੰਭੀਰਤਾ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਬਾਂਹ ਫੜਨ ਤੇ ਸਾਰ ਲੈਣ ਦੀ ਥਾਂ ਸਿਆਸਤ ਖੇਡਣ ਵਿੱਚ ਲੱਗ ਗਈਆਂ ਹਨ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੌਰੇ ਸਮੇਂ ਕੇਂਦਰ ਸਰਕਾਰ ਵਲੋਂ ਢੁੱਕਵੇਂ ਜਾਇਜ਼ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਗਿਆ। ਸਿਰਫ 1600 ਕਰੋੜ ਦੀ ਨਿਗੂਣੀ ਰਾਸ਼ੀ ਐਲਾਨੀ ਜਿਸ ਨਾਲ ਤਾਂ ਹੜ੍ਹਾਂ ਕਰਕੇ ਤਬਾਹ ਹੋਈਆਂ ਸੜਕਾਂ ਹੀ ਨਹੀਂ ਬਣਨੀਆਂ। ਦੂਜੇ ਪਾਸੇ ਸੂਬਾ ਸਰਕਾਰ ਵੀ ਹਾਲੇ ਤੱਕ ਗੱਲਾਂ ਨਾਲ ਹੀ ਡੰਗ ਟਪਾਉਂਦੀ ਦਿਖਾਈ ਦੇ ਰਹੀ ਹੈ। ਸਾਰੀਆਂ ਸਿਆਸੀ ਧਿਰਾਂ ਨੂੰ ਅਜਿਹੇ ਮੌਕੇ ਵੀ ਸਿਰਫ ਵੋਟਾਂ ਦਿਖਾਈ ਦਿੰਦੀਆਂ ਹਨ, ਪਰ ਲੋਕ ਹੁਣ ਬਹੁਤ ਸਿਆਣੇ ਹੋ ਗਏ ਹਨ ਬਿਪਤਾ ਵਿੱਚ ਸਿਆਸੀ ਲਾਹਾ ਤੱਕ ਵਾਲੀਆਂ ਪਾਰਟੀਆਂ ਤੇ ਆਗੂਆਂ ਨੂੰ ਇਹੋ ਲੋਕ ਸਬਕ ਸਿਖਾਉਣਗੇ। ਇਸ ਸਮੇਂ ਯੁਵਰਾਜ ਸਿੰਘ ਘੁਡਾਣੀ, ਜਸਵੰਤ ਸਿੰਘ ਭੱਟੀਆਂ, ਅਮਰੀਕ ਸਿੰਘ ਭੂੰਦੜੀ, ਤੀਰਥ ਸਿੰਘ ਤਲਵੰਡੀ, ਮਨਜੀਤ ਸਿੰਘ ਸੇਖੋਂ, ਮਨਪ੍ਰੀਤ ਸਿੰਘ, ਸਤਪਾਲ ਸਿੰਘ ਲਾਡੀ, ਟੋਨੀ ਉੱਪਲ ਤੇ ਹੋਰ ਕਿਸਾਨ ਹਾਜ਼ਰ ਸਨ।