ਛਪਾਰ ਦੇ ਮੇਲੇ ’ਤੇ ਭਾਜਪਾ ਕਰੇਗੀ ਪਹਿਲੀ ਵਾਰ ਸਿਆਸੀ ਕਾਨਫ਼ਰੰਸ
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਪ੍ਰਸਿੱਧ ਇਤਿਹਾਸਕ ਮੇਲਾ ਛਪਾਰ ਮੌਕੇ ਪਹਿਲੀ ਵਾਰ ਸਿਆਸੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਸਿਆਸੀ ਕਾਨਫ਼ਰੰਸਾਂ ਵਾਂਗ ਭਾਰਤੀ ਜਨਤਾ ਪਾਰਟੀ ਦੀ ਹੋਣ ਵਾਲੀ ਸਿਆਸੀ ਕਾਨਫ਼ਰੰਸ ਵਿੱਚ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਸਮੁੱਚੀ ਭਾਜਪਾ ਲੀਡਰਸ਼ਿਪ ਪੁੱਜੇਗੀ।
ਇਸ ਸੰਬਧੀ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਅਤੇ ਭਾਜਪਾ ਦੇ ਜ਼ਿਲ੍ਹਾ
ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਦੱਸਿਆ ਕਿ ਮੇਲਾ ਛਪਾਰ ਮੌਕੇ ਭਾਜਪਾ ਵੱਲੋਂ 7 ਸਤੰਬਰ ਨੂੰ ਹੋਣ ਵਾਲੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਗਤ ਕਥੂਰੀਆ, ਜਗਰਾਉਂ ਦੇ ਪ੍ਰਧਾਨ ਰਜਿੰਦਰ ਸ਼ਰਮਾ, ਅਹਿਮਦਗੜ੍ਹ ਦੇ ਮੰਡਲ ਪ੍ਰਧਾਨ ਰਾਜਨ ਘਈ ਸਮੇਤ ਹੋਰ ਆਹੁਦੇਦਾਰਾਂ ਨੇ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਕਾਨਫਰੰਸ ਦੀ ਥਾਂ ਦਾ ਦੌਰਾ ਕੀਤਾ।ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਦਿੱਲੀ ਅਤੇ ਪੰਜਾਬ ਤੋਂ ਭਾਜਪਾ ਆਗੂਆ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ।
ਇਸ ਮੌਕੇ ਸ: ਚੀਮਾ ਅਤੇ ਸੰਨੀ ਕੈਂਥ ਨੇ ਦੱਸਿਆ ਕਿ ਹੁਣ ਸ਼ਹਿਰਾਂ ਦੇ ਨਾਲ ਨਾਲ ਪਿੰਡਾ ਵਿੱਚ ਵੀ ਭਾਜਪਾ ਦਾ ਆਧਾਰ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ ਅਤੇ 2027 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਉਣਗੇ। ਇਸ ਮੌਕੇ ਸਰਪੰਚ ਪ੍ਰਦੀਪ ਸਿੰਘ ਜੰਡ, ਸਾਬਕਾ ਸਰਪੰਚ ਪਰਮਜੀਤ ਸਿੰਘ, ਹੀਰਾ ਸਿੰਘ ਅਮਰਗੜ੍ਹ, ਅਵਤਾਰ ਸਿੰਘ ਵੜਿੰਗ, ਜਗਤਾਰ ਸਿੰਘ ਕੈਂਡ, ਗੁਰਬਖਸ਼ ਸਿੰਘ ਵਿੱਕੀ ਹਾਜ਼ਰ ਸਨ।