ਭਾਜਪਾ ਸੂਬਾ ਮੀਡੀਆ ਪੈਨਲਿਸਟ ਮਹਿਤਾ ਵੱਲੋਂ ਅਸਤੀਫ਼ਾ
ਭਾਰਤੀ ਜਨਤਾ ਪਾਰਟੀ ਦੇ ਮੀਡੀਆ ਪੈਨਲਿਸਟ ਅਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤ ਪ੍ਰਤੀ ਧਾਰਨ ਕੀਤੇ ਮਤਰੇਈ ਮਾਂ ਵਾਲੇ ਸਲੂਕ ਨੂੰ ਵੇਖਦਿਆਂ ਰੋਸ ਵਜੋਂ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਅੱਜ ਸਰਕਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਪਰਮਿੰਦਰ ਮਹਿਤਾ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਸੂਬਾ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਦੀ ਲੱਖਾਂ ਏਕੜ ਫ਼ਸਲ ਤਬਾਹ ਹੋ ਗਈ ਹੈ, ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ ਅਤੇ ਸੈਂਕੜੇ ਗਊਆਂ, ਮੱਝਾਂ ਤੇ ਹੋਰ ਡੰਗਰ ਪਾਣੀ ਦੇ ਵਹਾਅ ਵਿੱਚ ਵਹਿ ਗਏ ਹਨ। ਇਸ ਨਾਲ ਕਈ ਕੀਮਤੀ ਜਾਨਾਂ ਵੀ ਪਾਣੀ ਦੀ ਭੇਟ ਚੜ੍ਹ ਗਈਆਂ ਹਨ।
ਉਨ੍ਹਾਂ ਕਿਹਾ ਕਿ ਰਾਵੀ ਅਤੇ ਬਿਆਸ ਦਰਿਆਵਾਂ ਦੇ ਕਹਿਰ ਤੋਂ ਬਾਅਦ ਸਤਲੁੱਜ ਦਰਿਆ ਦੀ ਮਾਰ ਨੇ ਤਕਰੀਬਨ ਸਾਰੇ ਪੰਜਾਬ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸੰਕਟ ਦੀ ਸ਼ੁਰੂਆਤ ਮੌਕੇ ਹੀ ਲੋਕਾਂ ਦੀ ਬਾਂਹ ਫੜਨ ਲਈ ਕੋਈ ਫ਼ੈਸਲਾ ਕਰਦੀ ਪਰ ਹਾਲਤ ਬਦ ਤੋਂ ਬਦਤਰ ਹੋਣ ਦੇ ਬਾਵਜ਼ੂਦ ਵੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਲੋਂ ਅਫ਼ਗ਼ਾਨਿਸਤਾਨ ਵਿੱਚ ਆਏ ਭੁਚਾਲ ਵਿੱਚ ਮਰਨ ਵਾਲਿਆਂ ਲਈ ਤਾਂ ਟਵੀਟ ਕੀਤਾ ਗਿਆ ਸੀ ਅਤੇ ਜੰਮੂ ਵਿੱਚ ਜਾ ਕੇ ਪੀੜਤਾਂ ਦੇ ਦੁੱਖ ਦਰਦ ਸੁਣੇ ਗਏ ਸਨ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਕਦਮ ਚੁੱਕਣਾ ਤਾਂ ਦੂਰ ਦੀ ਗੱਲ ਹੈ ਅਫ਼ਸੋਸ ਵਿੱਚ ਦੋ ਲਫਜ਼ ਵੀ ਨਹੀਂ ਕਹੇ ਗਏ ਜੋ ਕੇਂਦਰ ਸਰਕਾਰ ਅਤੇ ਭਾਜਪਾ ਦਾ ਪੰਜਾਬ ਬਾਰੇ ਅਸਲੀ ਚਿਹਰਾ ਨੰਗਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੀਆਂ ਪੰਜਾਬ ਬਾਰੇ ਨੀਤੀਆਂ ਨੂੰ ਵੇਖਦਿਆਂ ਭਾਜਪਾ ਨੂੰ ਛੱਡਣ ਦਾ ਮਨ ਬਣਾ ਲਿਆ ਹੈ ਅਤੇ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ।