ਭਾਜਪਾ ਕੌਂਸਲਰਾਂ ਤੇ ਇਲਾਕਾ ਵਾਸੀਆਂ ਵੱਲੋਂ ਨਿਗਮ ਖ਼ਿਲਾਫ਼ ਮੁਜ਼ਾਹਰੇ
ਭਾਜਪਾ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੇ ਨਿਰਦੇਸ਼ ਤਹਿਤ ਅੱਜ ਭਾਜਪਾ ਕੌਂਸਲਰਾਂ ਦੀ ਅਗਵਾਈ ਹੇਠ ਅੱਜ ਵੱਖ ਵੱਖ ਥਾਈਂ ਇਲਾਕਾ ਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਮੁਜ਼ਾਹਰੇ ਕਰਕੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਣ ਦਾ ਦੋਸ਼ ਲਗਾਇਆ।
ਵਾਰਡ ਨੰਬਰ 34 ਵਿੱਚ ਕੌਂਸਲਰ ਰਜੇਸ਼ ਮਿਸ਼ਰਾ, ਵਾਰਡ ਨੰਬਰ 3 ਵਿੱਚ ਕੌਂਸਲਰ ਪੱਲਵੀ ਵਿਪਨ ਵਨਾਇਕ, ਵਾਰਡ ਨੰਬਰ 70 ਵਿੱਚ ਕੌਂਸਲਰ ਸੁਮਨ ਵਰਮਾ ਤੇ ਵਾਰਡ ਨੰਬਰ 62 ਵਿੱਚ ਕੌਂਸਲਰ ਸੁਨੀਲ ਮੋਦਗਿਲ ਦੀ ਅਗਵਾਈ ਹੇਠ ਮੇਅਰ ਇੰਦਰਜੀਤ ਕੌਰ ਤੇ ‘ਆਪ’ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਦੇ ਨਾਮ ’ਤੇ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਇਲਾਕਿਆਂ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣੇ ਹਨ।
ਇਸ ਮੌਕੇ ਕੌਂਸਲਰ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਕਈ ਮੁਹੱਲਿਆਂ ਵਿੱਚ ਸਫ਼ਾਈ ਸੇਵਕਾਂ ਦੀ ਘਾਟ ਕਾਰਨ ਸਫ਼ਾਈ ਦੀ ਮੰਦੀ ਹਾਲਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਈ ਇਲਾਕਿਆਂ ਵਿੱਚ ਸੀਵਰੇਜ ਦੀ ਮੰਦੀ ਹਾਲਤ ਹੈ ਕਿਉਂਕਿ ਕਈ ਵਾਰ ਸੀਵੇਰਜ ਬੰਦ ਹੋ ਕੇ ਗਲੀਆਂ ਅਤੇ ਸੜਕਾਂ ਤੇ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਮੱਖੀ-ਮੱਛਰ ਪੈਦਾ ਹੋ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਵਿਕਾਸ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਫਾਈ ਦੀ ਮੰਦੀ ਹਾਲਤ, ਬੰਦ ਸੀਵਰੇਜ, ਟੁੱਟੀਆਂ ਸੜਕਾਂ ਅਤੇ ਸਟਰੀਟ ਲਾਈਟ ਦੀ ਅਣਹੋਂਦ ਸਰਕਾਰ ਦੇ ਵਿਕਾਸ ਕੀ ਅਸਲ ਤਸਵੀਰ ਪੇਸ਼ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਵਾਰਡ ਦੇ ਇਲਾਕਾ ਗੁਰਮੀਤ ਨਗਰ ਅਤੇ ਗਗਨ ਨਗਰ ਵਿੱਚ ਲੋਕਾਂ ਦੇ ਘਰਾਂ ਵਿੱਚ ਲੰਮੇ ਸਮੇਂ ਤੋਂ ਗੰਦਾ ਪਾਣੀ ਆ ਰਿਹਾ ਹੈ। ਬਾਰ ਬਾਰ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਜਿਸ ਕਾਰਨ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ।
ਕੌਂਸਲਰ ਸੁਮਨ ਵਰਮਾ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਵਾਰਡ ਦੀਆਂ ਤਿੰਨ ਮੁੱਖ ਸੜਕਾਂ ਨੂੰ ਨਗਰ ਨਿਗਮ ਵੱਲੋਂ ਪੁੱਟ ਦਿੱਤਾ ਗਿਆ ਸੀ। ਬਰਸਾਤ ਕਾਰਨ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈ ਗਏ ਹਨ ਅਤੇ ਉਨ੍ਹਾਂ ਵਿੱਚ ਬਰਸਾਤੀ ਪਾਣੀ ਖੜ੍ਹਾ ਹੈ ਜੋ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਹਾਲੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਇਸੇ ਤਰ੍ਹਾਂ ਕੌਂਸਲਰ ਪੱਲਵੀ ਵਿਨਾਇਕ ਨੇ ਵੀ ਹਲਕੇ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਾ ਹੋਣ ਦਾ ਦਾਵਾ ਕੀਤਾ। ਕੌਂਸਲਰ ਸੁਨੀਲ ਮੋਦਗਿਲ ਨੇ ਵੀ ਦੋਸ਼ ਲਗਾਇਆ ਕਿ ਨਗਰ ਨਿਗਮ ਦੇ ਅਧਿਕਾਰੀ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਇਲਾਕਿਆਂ ਵਿੱਚ ਵਿਕਾਸ ਕਾਰਜ ਸ਼ੁਰੂ ਨਾ ਕੀਤੇ ਗਏ ਤਾਂ ਉਹ ਇਲਾਕਾ ਨਿਵਾਸੀਆਂ ਨਾਲ ਜੋਰਦਾਰ ਸੰਘਰਸ਼ ਸ਼ੁਰੂ ਕਰਨਗੇ।